ਸ੍ਰੀ ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ) ਫ਼ਤਹਿਗੜ੍ਹ ਸਾਹਿਬ ਦੇ ਇੱਕ ਡਾਕਟਰ ਦੀ ਮੌਤ ਮਗਰੋਂ ਉਸਦੀ ਪਤਨੀ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਮ੍ਰਿਤਕ ਦੇ ਭਰਾ ਸੁਰਿੰਦਰ ਸਿੰਘ ਵਾਸੀ ਜ਼ੀਰਕਪੁਰ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਡਾ. ਬਲਵਿੰਦਰ ਸਿੰਘ ਦੀ ਪਤਨੀ ਬਲਵੀਰ ਕੌਰ ਵੱਲੋਂ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ’ਚ ਦੋਸ਼ ਲਗਾਏ ਗਏ ਸਨ ਕਿ ਉਸਦੇ ਪਤੀ ਦੀ ਮੌਤ ਹੋਣ ਉਪਰੰਤ ਕਥਿਤ ਵਿਅਕਤੀਆਂ ਨਰਿੰਦਰ ਸਿੰਘ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਗਗਨਦੀਪ ਸਿੰਘ ਅਤੇ ਸੁਖਵਿੰਦਰ ਕੌਰ ਵੱਲੋਂ ਉਸਦੇ ਪਤੀ ਦੇ ਏ.ਟੀ.ਐੱਮ. ਦੀ ਗਲਤ ਵਰਤੋਂ ਕਰਕੇ ਉਸਦੇ ਪਤੀ ਦੇ ਬੈਂਕ ਖਾਤੇ ’ਚੋਂ 1,87,000 ਕਢਵਾ ਲਏ ਗਏ ਅਤੇ ਘਰ ਦਾ ਜਿੰਦਰਾ ਤੋੜ ਕੇ ਉੱਥੋਂ ਵਹੀਕਲ ਅਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ ਹੈ। ਸ਼ਿਕਾਇਤ ਦੀ ਪੜਤਾਲ ਦੌਰਾਨ ਦੂਸਰੀ ਧਿਰ ਵੱਲੋਂ ਪੁਲੀਸ ਕੋਲ ਦਾਅਵਾ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਮ੍ਰਿਤਕ ਭਰਾ ਡਾ. ਬਲਵਿੰਦਰ ਸਿੰਘ ਦਾ 2008 ’ਚ ਆਪਣੀ ਪਤਨੀ ਬਲਵੀਰ ਕੌਰ ਨਾਲ ਤਲਾਕ ਹੋ ਚੁੱਕਾ ਸੀ ਜਿਸ ਮਗਰੋਂ ਡਾ. ਬਲਵਿੰਦਰ ਸਿੰਘ ਨੇ ਆਪਣੀ ਪਤਨੀ, ਲੜਕੇ ਅਤੇ ਨੂੰਹ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ ਤੇ ਆਪਣੇ ਭੈਣ-ਭਰਾਵਾਂ ਦੇ ਨਾਂ ਵਸੀਅਤ ਕਰਵਾ ਦਿੱਤੀ ਸੀ। ਜਾਂਚ ਅਧਿਕਾਰੀ ਨੇ ਜਾਂਚ ਰਿਪੋਰਟ ’ਚ ਲਿਖਿਆ ਹੈ ਕਿ ਬੈਂਕ ਦੇ ਨਿਯਮਾਂ ਅਨੁਸਾਰ ਖਾਤਾ ਧਾਰਕ ਦੀ ਮੌਤ ਤੋਂ ਬਾਅਦ ਉਸਦਾ ਨਾਮਨੀ ਏ.ਟੀ.ਐਮ. ਜਾਂ ਹੋਰ ਤਰੀਕੇ ਰਾਹੀਂ ਪੈਸੇ ਨਹੀਂ ਕੱਢਵਾ ਸਕਦ। ਇਸ ਲਈ ਸੁਰਿੰਦਰ ਸਿੰਘ ਵਿਰੁੱਧ ਕਾਰਵਾਈ ਬਣਦੀ ਹੈ।