ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 19 ਅਕਤੂਬਰ
ਇਥੋਂ ਦੇ ਥਾਣਾ ਕੁਲਗੜ੍ਹੀ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸਦੇ ਸਾਥੀ ਦੀਪਕ ਟੀਨੂ ਖ਼ਿਲਾਫ਼ ਇੱਕ ਵਿਅਕਤੀ ਕੋਲੋਂ ਫਿਰੌਤੀ ਮੰਗਣ ਦਾ ਕੇਸ ਦਰਜ ਕੀਤਾ ਗਿਆ ਹੈ। ਪਿੰਡ ਜੀਆ ਬੱਗਾ ਵਾਸੀ ਸੁਖਬੀਰ ਸਿੰਘ ਬਰਾੜ ਨੇ ਪੁਲੀਸ ਨੂੰ ਦੱਸਿਆ ਕਿ ਪਿਛਲੇ ਦਿਨੀਂ ਵਿਦੇਸ਼ੀ ਨੰਬਰਾਂ ਤੋਂ ਫੋਨ ਕਾਲਾਂ ਰਾਹੀਂ ਉਸ ਕੋਲੋਂ ਫਿਰੌਤੀ ਮੰਗੀ ਗਈ ਸੀ। ਉਸ ਨੇ ਦੱਸਿਆ ਕਿ ਜਦੋਂ ਦੀਪਕ ਟੀਨੂੰ ਅੰਬਾਲਾ ਜੇਲ੍ਹ ਵਿੱਚ ਬੰਦ ਸੀ ਤਾਂ ਉਸਨੂੰ ਫੋਨ ਕਰਕੇ ਇੱਕ ਕਰੋੜ ਰੁਪਏ ਛਿਮਾਹੀ ਦੇਣ ਲਈ ਕਿਹਾ ਗਿਆ। ਫੋਨ ਕਰਨ ਵਾਲੇ ਨੇ ਆਪਣਾ ਨਾਮ ਦੀਪਕ ਟੀਨੂ ਦੱਸਿਆ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸੁਖਬੀਰ ਬਰਾੜ ਨੇ ਦੱਸਿਆ ਕਿ ਦੀਪਕ ਟੀਨੂ ਨੇ ਦੂਜੀ ਵਾਰ ਫੋਨ ਕਰਨ ਮੌਕੇ ਕਾਨਫਰੰਸ ਰਾਹੀਂ ਲਾਰੈਂਸ ਬਿਸ਼ਨੋਈ ਨੂੰ ਵੀ ਨਾਲ ਲੈ ਲਿਆ ਤੇ ਮੁੜ ਉਸ ਕੋਲੋਂ ਫਿਰੌਤੀ ਦੀ ਰਕਮ ਮੰਗੀ ਗਈ।