ਗੁਰਬਖਸ਼ਪੁਰੀ
ਤਰਨ ਤਾਰਨ, 15 ਸਤੰਬਰ
ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਨੇ ਪੰਚਾਇਤ ਵਿਭਾਗ ਦੇ ਚਾਰ ਅਧਿਕਾਰੀਆਂ ਖ਼ਿਲਾਫ਼ 8.85 ਲੱਖ ਦੀ ਧੋਖਾਧੜੀ ਦਾ ਕੇਸ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਿਕ ਦੋ ਅਜੇ ਫ਼ਰਾਰ ਹਨ। ਚੌਕਸੀ ਵਿਭਾਗ ਨੇ ਬਲਾਕ ਵਲਟੋਹਾ ਨਾਲ ਸਬੰਧਤ ਮਨਾਵਾਂ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਮਾਮਲੇ ਵਿੱਚ ਬੀਤੇ ਤਿੰਨ ਸਾਲਾਂ ਦੌਰਾਨ ਵਿਭਾਗ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ। ਇੱਥੇ ਅੱਜ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸਮਾਜਿਕ ਸਿੱਖਿਆ ਤੇ ਪੰਚਾਇਤ ਅਧਿਕਾਰੀ (ਐੱਸਈਪੀਓ) ਲਾਲ ਸਿੰਘ ਅਤੇ ਰਾਜਬੀਰ ਸਿੰਘ, ਪਰਮਜੀਤ ਸਿੰਘ ਅਤੇ ਸਾਰਜ ਸਿੰਘ ਤਿੰਨੇ ਪੰਚਾਇਤ ਸਕੱਤਰ ਸ਼ਾਮਲ ਹਨ| ਅਧਿਕਾਰੀ ਲਾਲ ਸਿੰਘ ਉਸ ਵੇਲੇ ਬਲਾਕ ਵਲਟੋਹਾ ਦੇ ਬੀਡੀਪੀਓ ਵਜੋਂ ਕੰਮ ਕਰਦਾ ਸੀ| ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਮਨਾਵਾਂ ਪਿੰਡ ਦੀ 2019-20 ਵਿੱਚ ਪੰਚਾਇਤ ਦੀ 24 ਏਕੜ 7 ਕਨਾਲ 9 ਮਰਲੇ ਜ਼ਮੀਨ 7.35 ਲੱਖ ਰੁਪਏ ਵਿੱਚ ਸਾਲ ਦੇ ਠੇਕੇ ’ਤੇ ਲਈ ਸੀ| ਮੁਲਜ਼ਮਾਂ ਨੇ ਇਹ ਰਾਸ਼ੀ ਅੱਜ ਤੱਕ ਪੰਚਾਇਤ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਵਾਈ ਅਤੇ ਮਗਰੋਂ ਦੋ ਸਾਲ ਮੁਲਜ਼ਮਾਂ ਨੇ ਇਹ ਜ਼ਮੀਨ ਆਪਣੇ ਚਹੇਤਿਆਂ ਨੂੰ ਪਹਿਲਾਂ ਦਿੱਤੇ ਠੇਕੇ ਤੋਂ ਘੱਟ ਰਾਸ਼ੀ ’ਤੇ ਦੇ ਦਿੱਤੀ। ਇਸ ਨਾਲ ਵਿਭਾਗ ਨੂੰ ਕੁੱਲ 8.85 ਲੱਖ ਦਾ ਚੂਨਾ ਲਗਾਇਆ| ਪੰਚਾਇਤ ਸਕੱਤਰ ਰਾਜਬੀਰ ਸਿੰਘ ਅਤੇ ਪਰਮਜੀਤ ਸਿੰਘ ਨੂੰ ਚੌਕਸੀ ਵਿਭਾਗ ਦੇ ਥਾਣਾ ਅੰਮ੍ਰਿਤਸਰ ਦੀ ਪੁਲੀਸ ਨੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ|