ਪਾਲ ਸਿੰਘ ਨੌਲੀ
ਜਲੰਧਰ, 10 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਐੱਚਐੱਸ ਵਾਲੀਆ ਤੇ ਕੌਂਸਲਰ ਨਿਰਮਲ ਨਿੰਮਾ ਸਣੇ ਚਾਰ ਜਣਿਆਂ ਖ਼ਿਲਾਫ਼ ਥਾਣਾ ਮਕਸੂਦਾਂ ਵਿੱਚ ਝਗੜੇ ਵਾਲੀ ਜਾਇਦਾਦ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਕੋਟਲਾ ਦੇ ਹਰਵਿੰਦਰ ਸਿੰਘ ਉਰਫ਼ ਸੋਨੂ ਨੇ ਥਾਣਾ ਮਕਸੂਦਾਂ ਵਿੱਚ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਦਾਦਾ ਸਰਵਣ ਸਿੰਘ ਨੇ 1962 ਵਿੱਚ ਇਕਰਾਰਨਾਮੇ ’ਤੇ 26 ਕਨਾਲ ਜ਼ਮੀਨ ਖਰੀਦੀ ਸੀ, ਜੋ ਆਪਣੇ ਨਾਂ ਕਰਾਉਣ ਲਈ ਉਸ ਦੇ ਪਿਤਾ, ਤਾਇਆ ਸੁਰਿੰਦਰ ਸਿੰਘ ਤੇ ਭੂਆ ਨੇ ਰਲ ਕੇ ਕੇਸ ਪਾਇਆ ਸੀ। 2015 ਵਿੱਚ ਹਰਵਿੰਦਰ ਦੇ ਪਿਤਾ ਦੀ ਮੌਤ ਹੋਣ ਮਗਰੋਂ ਉਹ ਇਸ ਜ਼ਮੀਨ ’ਤੇ ਖੇਤੀ ਕਰਦਾ ਆ ਰਿਹਾ ਹੈ। ਹਰਵਿੰਦਰ ਨੇ ਦੱਸਿਆ ਕਿ ਬਿਮਾਰ ਹੋਣ ਕਾਰਨ ਉਸ ਦਾ ਪਿਤਾ ਅਦਾਲਤ ਨਹੀਂ ਜਾ ਸਕਿਆ, ਜਿਸ ਮਗਰੋਂ ਅਦਾਲਤ ਨੇ ਉਸ ਦੇ ਤਾਏ ਸੁਰਿੰਦਰ ਸਿੰਘ ਤੇ ਭੂਆ ਦੇ ਨਾਂ ’ਤੇ 13 ਕਨਾਲਾਂ ਜ਼ਮੀਨ ਦੀ ਡਿਗਰੀ ਦੇ ਦਿੱਤੀ ਤੇ ਬਾਕੀ 13 ਕਨਾਲ ਜ਼ਮੀਨ ਸਰਕਾਰੀ ਐਲਾਨ ਦਿੱਤੀ। ਇਸ ਫ਼ੈਸਲੇ ਵਿਰੁੱਧ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਹੈ, ਜਿਸ ਦੀ ਅਗਲੀ ਸੁਣਵਾਈ ਅਕਤੂਬਰ 2022 ਵਿੱਚ ਹੋਵੇਗੀ। ਹਰਵਿੰਦਰ ਨੇ ਦੋਸ਼ ਲਾਇਆ ਕਿ ਬੀਤੀ 7 ਅਗਸਤ ਨੂੰ ਉਹ ਕਿਤੇ ਬਾਹਰ ਗਿਆ ਹੋਇਆ ਸੀ ਤੇ ਉਸ ਦਾ ਛੋਟਾ ਭਰਾ ਖੇਤ ਮੋਟਰ ’ਤੇ ਸੀ। ਉੁਸ ਵੇਲੇ ਇੱਕ ਐਕਟਿਵਾ ’ਤੇ ਆਏ ਨਕਾਬਪੋਸ਼ ਵਿਅਕਤੀਆਂ ਨੇ ਉਸ ਦੇ ਭਰਾ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ ਤੇ 7-8 ਵਿਅਕਤੀਆਂ ਨੇ ਉਨ੍ਹਾਂ ਦੀ ਬੀਜੀ ਹੋਈ ਫ਼ਸਲ ’ਤੇ ਟਰੈਕਟਰ ਫੇਰ ਦਿੱਤਾ। ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਕਾਲੀ ਆਗੂ ਐੱਚਐੱਸ ਵਾਲੀਆ ਤੇ ਕੌਂਸਲਰ ਨਿਰਮਲ ਸਿੰਘ ਨਿੰਮਾ ਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਦੀ ਸ਼ਾਮੂਲੀਅਤ ਸੀ। ਥਾਣਾ ਮਕਸੂਦਾਂ ਦੀ ਪੁਲੀਸ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਨਾਲ ਜਾਂਚ ਕੀਤੀ ਜਾ ਰਹੀ ਹੈ।