ਪਵਨ ਕੁਮਾਰ ਵਰਮਾ
ਧੂਰੀ, 6 ਜਨਵਰੀ
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਸਭਾਵਾਂ ਅਤੇ ਆਗੂਆਂ ਲਈ ਹਦਾਇਤਾਂ ਜਾਰੀ ਕਰ ਕੇ ਭਲਕੇ 7 ਜਨਵਰੀ ਨੂੰ ਸਵੇਰੇ 11 ਵਜੇ ਕਾਫ਼ਲਿਆਂ ਦੇ ਰੂਪ ਵਿੱਚ ਸਿੰਘੂ ਹੱਦ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਪੁੱਜਣ ਲਈ ਕਿਹਾ ਹੈ। ਵੱਖ-ਵੱਖ ਲੇਖਕ ਸਭਾਵਾਂ ਅਤੇ ਲੇਖਕਾਂ ਨੇ ਇਸ ਸਬੰਧੀ ਸਾਰਥਕ ਹੁੰਗਾਰਾ ਭਰਿਆ ਹੈ। ਜਲੰਧਰ, ਗੜ੍ਹਸ਼ੰਕਰ, ਨਵਾਂ ਸ਼ਹਿਰ, ਰਾਏਕੋਟ, ਲੁਧਿਆਣਾ, ਮੋਗਾ, ਢੁੱਡੀਕੇ, ਬਰਨਾਲਾ, ਧੂਰੀ, ਸੰਗਰੂਰ, ਪਟਿਆਲਾ, ਜ਼ੀਰਾ, ਫ਼ਰੀਦਕੋਟ, ਬਠਿੰਡਾ, ਰਾਜਪੁਰਾ, ਅੰਮ੍ਰਿਤਸਰ, ਹਰਿਆਣਾ ਅਤੇ ਦਿੱਲੀ ਵਿਚੋਂ ਵੀ ਲੇਖਕ ਇਸ ਕਾਫ਼ਲੇ ਵਿੱਚ ਸ਼ਾਮਲ ਹੋਣਗੇ।
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਤਸੱਲੀ ਪ੍ਰਗਟਾਈ ਕਿ ਬਹੁਤ ਸਾਰੇ ਲੇਖਕਾਂ ਨੇ ਸਾਹਿਤ ਦੀ ਰਚਨਾ ਕਰ ਕੇ ਅਤੇ ਸਥਾਨਕ ਧਰਨਿਆਂ ਵਿੱਚ ਸ਼ਾਮਲ ਹੋ ਕੇ ਕਿਸਾਨ ਸੰਘਰਸ਼ ਵਿੱਚ ਹਾਜ਼ਰੀ ਦਰਜ ਕਰਵਾਈ ਹੈ। ਸਭਾ ਨੇ ਕਿਸਾਨ ਸੰਘਰਸ਼ ਬਾਰੇ ਲਿਖੀਆਂ ਕਾਵਿ ਰਚਨਾਵਾਂ ਦਾ ਕਾਵਿ-ਸੰਗ੍ਰਹਿ ਛਾਪਣ ਦਾ ਫ਼ੈਸਲਾ ਲਿਆ ਹੈ। ਲਿਖਾਰੀ ਸਭਾ ਬਰਨਾਲਾ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਲੋਕਾਂ ਬਾਰੇ ਵੀ ਕਿਤਾਬ ਛਾਪ ਰਹੀ ਹੈ। ਸਭਾ ਨੇ ਕੇਂਦਰੀ ਸਭਾ ਦੀ ਚੋਣ ਜਲਦੀ ਕਰਵਾਉਣ ਦੇ ਸੰਕੇਤ ਦਿੱਤੇ। ਸਭਾ ਨੇ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ’ਚ ਭਾਗ ਲੈਣ ਦਾ ਫ਼ੈਸਲਾ ਵੀ ਲਿਆ। ਨਾਟਕਕਾਰ ਬਲਵੀਰ ਬੱਲੀ ਰਾਏਕੋਟ ਦੀ ਅਗਵਾਈ ਹੇਠ ਸਭਾ ਦਾ ਆਈਟੀ ਸੈੱਲ ਵੀ ਸਥਾਪਿਤ ਕੀਤਾ। ਇਸ ਮੌਕੇ ਡਾ. ਸਵਰਾਜ ਸਿੰਘ, ਪ੍ਰੋ. ਸੰਧੂ ਵਰਿਆਣਵੀ, ਸਰਦਾਰ ਪੰਛੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਗੁਰਿੰਦਰਜੀਤ ਕੌਰ ਖਹਿਰਾ, ਅਵਤਾਰ ਸਿੰਘ ਸੰਧੂ, ਰਾਜਿੰਦਰ ਪਰਦੇਸੀ, ਅਮਰੀਕ ਸਿੰਘ ਤਲਵੰਡੀ, ਡਾ. ਬਲਦੇਵ ਸਿੰਘ ਬੱਧਨ, ਹਰੀ ਸਿੰਘ ਢੁੱਡੀਕੇ, ਅਸ਼ੋਕ ਚੁਟਾਨੀ, ਡਾ. ਜੋਗਿੰਦਰ ਸਿੰਘ ਨਿਰਾਲਾ, ਗੁਰਚਰਨ ਸਿੰਘ ਢੁੱਡੀਕੇ, ਡਾ. ਗੁਰਚਰਨ ਕੌਰ ਕੋਚਰ, ਜਤਿੰਦਰ ਪਾਲ ਸਿੰਘ ਫ਼ਰੀਦਕੋਟ ਆਦਿ ਹਾਜ਼ਰ ਸਨ।