ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਮਈ
ਇੱਥੇ ਹਾਈਵੇਅ ’ਤੇ ਰਾਮਾਂਮੰਡੀ ਫਲਾਈਓਵਰ ’ਤੇ ਇਕ ਤੇਜ਼ ਰਫਤਾਰ ਕਾਰ ਪੁਲ ਦੀ ਰੇਲਿੰਗ ਤੋੜਦੀ ਹੋਈ ਹੇਠਾਂ ਸਰਵਿਸ ਲੇਨ ’ਚ ਡਿਗਣ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ਹਾਦਸੇ ਵਿਚ ਕਾਰ ਚਾਲਕ ਵਿਵੇਕ ਕੁਮਾਰ (47) ਦੀ ਮੌਤ ਹੋ ਗਈ ਜਦ ਕਿ ਬਾਕੀ ਚਾਰ ਜਣੇ ਜ਼ਖਮੀ ਹੋ ਗਏ। ਡਾਕਟਰਾਂ ਅਨੁਸਾਰ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਏਐਸਆਈ ਅਜੈਪਾਲ ਸਿੰਘ ਨੇ ਦੱਸਿਆ ਕਿ ਵਿਵੇਕ ਕੁਮਾਰ ਪਰਿਵਾਰ ਸਮੇਤ ਆਪਣੇ ਘਰ ਪਰਾਗਪੁਰ ਆ ਰਿਹਾ ਸੀ। ਉਸ ਦੀ ਕਾਰ ਜਦੋਂ ਰਾਮਾਂਮੰਡੀ ਦੇ ਫਲਾਈਓਵਰ ਤੋਂ ਉਤਰ ਰਹੀ ਸੀ ਤਾਂ ਬੇਕਾਬੂ ਹੋ ਕੇ ਰੇਲਿੰਗ ਵਿੱਚ ਵੱਜ ਕੇ ਹੇਠਾਂ ਸਰਵਿਸ ਲੇਨ ’ਤੇ ਜਾ ਡਿੱਗੀ। ਇਸ ਕਾਰਨ ਵਿਵੇਕ ਦੀ ਮੌਤ ਹੋ ਗਈ ਤੇ ਉਸ ਦੀ ਪਤਨੀ, ਦੋ ਬੱਚੇ ਤੇ ਭਤੀਜੀ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ ਪਰ ਕਾਰ ਚਾਲਕ ਦੀ ਜਾਨ ਨਹੀਂ ਬਚ ਸਕੀ। ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਪਹੁੰਚਾਇਆ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰਨ ਕਾਰ ਬੇਕਾਬੂ ਹੋ ਗਈ ਅਤੇ ਰੇਲਿੰਗ ਤੋੜਦੀ ਹੋਈ ਹੇਠਾਂ ਡਿੱਗ ਗਈ। ਕਾਰ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਾਰ ਨੇ ਰੇਲਿੰਗ ਵੀ ਤੋੜ ਦਿੱਤੀ। ਇਸ ਹਾਦਸੇ ਕਾਰਨ ਕਾਰ ਦਾ ਇੰਜਣ ਵੀ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪੁਲੀਸ ਨੇ ਹਾਦਸਗ੍ਰਸਤ ਕਾਰ ਨੂੰ ਥਾਣੇ ਭਿਜਵਾ ਦਿੱਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖਮੀ ਇਕ ਨਿੱਜੀ ਹਸਪਤਾਲ ਵਿਚ ਦਾਖਲ ਹਨ। ਪੁਲੀਸ ਨੇ ਆਈਪੀਸੀ ਦੀ ਧਾਰਾ 147 ਤਹਿਤ ਲਾਪ੍ਰਵਾਹੀ ਨਾਲ ਕਾਰ ਚਲਾਉਣ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।