ਸੰਜੀਵ ਹਾਂਡਾ
ਫ਼ਿਰੋਜ਼ਪੁਰ, 23 ਅਗਸਤ
ਇਥੇ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ’ਤੇ ਮਮਦੋਟ ਖੇਤਰ ਵਿਚ ਬੀਐੱਸਐੱਫ਼ ਦੀ ਚੌਕੀ ਰਾਜਾ ਮੋਹਤਮ ਅਤੇ ਬੀਓਪੀ ਜੋਗਿੰਦਰ ਨੇੜਿਉਂ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਇਹ ਸਾਰੇ ਹਥਿਆਰ ਡਰੋਨ ਜ਼ਰੀਏ ਪਾਕਿਸਤਾਨ ਤੋਂ ਭੇਜੇ ਗਏ ਦੱਸੇ ਜਾਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਇਕ ਦਿਨ ਪਹਿਲਾਂ ਮਿਲੇ ਹਥਿਆਰਾਂ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਸ ਸਬੰਧੀ ਥਾਣਾ ਲੱਖੋਕੇ ਬਹਿਰਾਮ ਵਿਚ ਕੇਸ ਦਰਜ ਕੀਤਾ ਗਿਆ ਹੈ ਤੇ ਪੁਲੀਸ ਨੇ ਵੀ ਵੱਖਰੇ ਤੌਰ ’ਤੇ ਪੜਤਾਲ ਆਰੰਭ ਦਿੱਤੀ ਹੈ। ਬੀਐੱਸਐੱਫ ਵੱਲੋਂ ਬਰਾਮਦ ਕੀਤੇ ਹਥਿਆਰਾਂ ਵਿਚ ਏਕੇ ਸੀਰੀਜ਼ ਦੀਆਂ ਤਿੰਨ ਰਾਈਫ਼ਲਾਂ, ਛੇ ਮੈਗਜ਼ੀਨ, ਦੋ ਐਮ-3 ਸਬ ਮਸ਼ੀਨਗੰਨ ਅਤੇ ਇਸ ਦੇ ਚਾਰ ਮੈਗਜ਼ੀਨ ਤੋਂ ਇਲਾਵਾ ਦੋ ਪਿਸਤੌਲ ਤੇ ਦੋ ਮੈਗਜ਼ੀਨ ਸ਼ਾਮਲ ਹਨ। ਬੀਐੱਸਐੱਫ਼ ਦੀ 182 ਬਟਾਲੀਅਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਤੜਕਸਾਰ ਸਰਹੱਦ ’ਤੇ ਗਸ਼ਤ ਕਰਦੇ ਜਵਾਨਾਂ ਨੇ ਸੀਮਾ ਪਾਰ ਤੋਂ ਇੱਕ ਡਰੋਨ ਭਾਰਤ ਦੀ ਹੱਦ ਵਿਚ ਦਾਖ਼ਲ ਹੁੰਦਾ ਵੇਖਿਆ ਤਾਂ ਤੁਰੰਤ ਦੋ ਫ਼ਾਇਰ ਕੀਤੇ। ਫ਼ਾਇਰਿੰਗ ਤੋਂ ਬਾਅਦ ਡਰੋਨ ਦੀ ਲਾਲ ਬੱਤੀ ਬੰਦ ਹੋ ਗਈ। ਦਿਨ ਚੜ੍ਹਦਿਆਂ ਪੂਰੇ ਇਲਾਕੇ ਦੀ ਤਲਾਸ਼ੀ ਲਈ ਤਾਂ ਉਥੋਂ ਪਲਾਸਟਿਕ ਦੇ ਬੈਗ ਵਿਚ ਰੱਖੇ ਹਥਿਆਰ ਬਰਾਮਦ ਹੋਏ।