ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਸਤੰਬਰ
ਸਨਅਤੀ ਸ਼ਹਿਰ ਦੇ ਮੇਹਰਬਾਨ ਥਾਣੇ ਅਧੀਨ ਆਉਂਦੇ ਪ੍ਰੀਤ ਵਿਹਾਰ ਇਲਾਕੇ ’ਚ ਮੰਗਲਵਾਰ ਨੂੰ ਇੱਕ ਪਲਾਟ ਦੀ ਖੁਦਾਈ ਦੌਰਾਨ ਬੰਬ ਨੁੰਮਾ ਵਸਤੂ ਮਿਲੀ ਹੈ। ਇਸ ਦੀ ਸੂਚਨਾ ਮਿਲਦੇ ਹੀ ਏਸੀਪੀ ਪੂਰਬੀ ਗੁਰਦੇਵ ਸਿੰਘ ਤੇ ਥਾਣਾ ਮੇਹਰਬਾਨ ਦੇ ਐੱਸਐੱਚਓ ਸਬ-ਇੰਸਪੈਕਟਰ ਜਗਦੀਪ ਸਿੰਘ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ। ਬੰਬ ਨਕਾਰਾ ਕਰਨ ਵਾਲੀ ਟੀਮ ਨੇ ਜਾਂਚ ਆਰੰਭ ਦਿੱਤੀ ਹੈ। ਜ਼ਮੀਨ ਥੱਲਿਓਂ ਮਿਲੀ ਇਸ ਵਸਤੂ ਬਾਰੇ ਪੁਲੀਸ ਆਸਪਾਸ ਦੇ ਲੋਕਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਪ੍ਰੀਤ ਵਿਹਾਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੇ ਪਲਾਟ ’ਚ ਉਸਾਰੀ ਦਾ ਕੰਮ ਸ਼ੁਰੂ ਕਰਨਾ ਸੀ। ਇਸੇ ਦੌਰਾਨ ਪਲਾਟ ਵਿੱਚ ਖੁਦਾਈ ਕਰਦੇ ਮਜ਼ਦੂਰਾਂ ਨੂੰ ਇੱਕ ਬੰਬ ਨੁੰਮਾ ਚੀਜ਼ ਦਿਖਾਈ ਦਿੱਤੀ। ਸੂਚਨਾ ਮਿਲਣ ’ਤੇ ਪੁੱਜੀ ਪੁਲੀਸ ਟੀਮ ਨੇ ਬਚਾਅ ਲਈ ਆਸਪਾਸ ਬੋਰੀਆਂ ਲਗਾਈਆਂ ਅਤੇ ਮਿੱਟੀ ਭਰ ਦਿੱਤੀ। ਇਸ ਮਾਮਲੇ ਸਬੰਧੀ ਏਸੀਪੀ ਪੂਰਬੀ ਗੁਰਦੇਵ ਸਿੰਘ ਨੇ ਦੱਸਿਆ ਕਿ ਇਹ ਹੈਂਡ ਗ੍ਰਨੇਡ ਹੈ ਜਾਂ ਕੁਝ ਹੋਰ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵਸਤੂ ਕਾਫ਼ੀ ਪੁਰਾਣੀ ਲੱਗ ਰਹੀ ਹੈ। ਬੰਬ ਨੁੰਮਾ ਵਸਤੂ ਨੂੰ ਬੰਬ ਨਕਾਰਾ ਕਰਨ ਵਾਲੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜੋ ਜਾਂਚ ਤੋਂ ਬਾਅਦ ਰਿਪੋਰਟ ਤਿਆਰ ਕਰੇਗੀ।