ਗਗਨਦੀਪ ਅਰੋੜਾ
ਲੁਧਿਆਣਾ, 16 ਸਤੰਬਰ
ਸਨਅਤੀ ਸ਼ਹਿਰ ਦੇ ਰਾਜਗੁਰੂ ਨਗਰ ਇਲਾਕੇ ਵਿੱਚ ਰਹਿਣ ਵਾਲੇ ਸਾਬਕਾ ਕਰਨਲ ਦਰਸ਼ਨ ਸਿੰਘ ਦੇ ਦੋ ਜੀਆਂ ਦੇ ਟੱਬਰ ਦਾ ਪਾਵਰਕੌਮ ਨੇ 9.32 ਲੱਖ ਰੁਪਏ ਬਿਜਲੀ ਬਿੱਲ ਭੇਜ ਦਿੱਤਾ ਹੈ। ਪਰਿਵਾਰ ਨੂੰ ਜਦੋਂ ਦਾ ਬਿੱਲ ਮਿਲਿਆ ਹੈ ਉਦੋਂ ਤੋਂ ਪ੍ਰੇਸ਼ਾਨ ਹੈ। ਸਾਬਕਾ ਕਰਨਲ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦੀ ਗਲਤੀ ਦਾ ਖ਼ਮਿਆਜ਼ਾ ਉਹ ਭੁਗਤ ਰਹੇ ਹਨ। ਦਰਸ਼ਨ ਸਿੰਘ ਅਨੁਸਾਰ ਉਨ੍ਹਾਂ ਦਾ ਬਿੱਲ ਹਮੇਸ਼ਾ 3 ਜਾਂ 4 ਹਜ਼ਾਰ ਰੁਪਏ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੂੰ ਬਿਜਲੀ ਬੋਰਡ ਨੇ 9.32 ਲੱਖ ਰੁਪਏ ਦਾ ਬਿਜਲੀ ਦਾ ਬਿੱਲ ਭੇਜ ਦਿੱਤਾ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਨੇ ਇਹ ਬਿੱਲ 336 ਦਿਨਾਂ ਦਾ ਭੇਜਿਆ ਹੈ, ਜਦਕਿ ਉਨ੍ਹਾਂ ਨੇ ਮਈ 2021 ਤੱਕ ਸਾਰੇ ਬਿਜਲੀ ਦੇ ਬਿੱਲ ਜਮ੍ਹਾਂ ਕਰਵਾਏ ਹੋਏ ਹਨ ਤੇ ਉਨ੍ਹਾਂ ਕੋਲ ਰਸੀਦਾਂ ਵੀ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਨੇ ਦੋ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੋ ਲੱਖ ਦਾ ਬਿੱਲ ਭੇਜ ਦਿੱਤਾ ਸੀ, ਉਦੋਂ ਵੀ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨ ਹੋ ਕੇ ਬਿਜਲੀ ਬਿੱਲ ਠੀਕ ਕਰਵਾਉਣਾ ਪਿਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕਈ ਵਾਰ ਲਿਖਤ ਸ਼ਿਕਾਇਤ ਕਰ ਚੁੱਕੇ ਹਨ ਪਰ ਸਮੱਸਿਆ ਹੱਲ ਨਹੀਂ ਹੋਈ। ਸਾਬਕਾ ਕਰਨਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸਾਦਾ ਜ਼ਿੰਦਗੀ ਗੁਜ਼ਾਰ ਰਿਹਾ ਹੈ ਤੇ ਜ਼ਿਆਦਾ ਬਿਜਲੀ ਦੀ ਖਪਤ ਨਹੀਂ ਹੈ, ਪਰ ਫਿਰ ਵੀ ਪਾਵਰਕੌਮ ਦੇ ਇਸ ਕਾਰਨਾਮੇ ਨੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਪਾਵਰਕੌਮ ਨੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਐਕਸੀਅਨ ਵੱਲੋਂ ਬਿੱਲ ਠੀਕ ਕਰਵਾਉਣ ਦਾ ਭਰੋਸਾ
ਐਕਸੀਅਨ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਤਕਨੀਕੀ ਗਲਤੀ ਹੈ, ਜਿਸ ਦੀ ਜਾਂਚ ਕਰਵਾ ਕੇ ਬਿੱਲ ਠੀਕ ਕੀਤਾ ਜਾ ਰਿਹਾ ਹੈ।