ਚਰਨਜੀਤ ਭੁੱਲਰ
ਚੰਡੀਗੜ੍ਹ, 17 ਅਕਤੂਬਰ
ਮੁੱਖ ਅੰਸ਼
- ਹਰ ਵੋਟਰ ਨੇ ਬਿਨਾਂ ਦਬਾਅ ਤੋਂ ਵੋਟ ਪਾਈ: ਰਾਜਾ ਵੜਿੰਗ
- ਸਾਰੀਆਂ ਸਿਆਸੀ ਧਿਰਾਂ ਨੂੰ ਕਾਂਗਰਸ ਪਾਰਟੀ ਵਾਂਗ ਚੋਣਾਂ ਕਰਵਾਉਣ ਦੀ ਚੁਣੌਤੀ ਦਿੱਤੀ
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਅੱਜ ਪੰਜਾਬ ਵਿੱਚ ਵੀ ਵੋਟਾਂ ਪਈਆਂ। ਇਸ ਦੌਰਾਨ 92.40 ਫੀਸਦੀ ਪੋਲਿੰਗ ਹੋਈ ਹੈ। ਵੋਟਾਂ ਪੈੈਣ ਦਾ ਅਮਲ ਸਵੇਰੇ 10 ਵਜੇ ਸ਼ੁਰੂ ਹੋ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕੁੱਲ 237 ਵੋਟਾਂ ’ਚੋਂ 219 ਵੋਟਾਂ ਪੋਲ ਹੋਈਆਂ ਹਨ। ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਲਈ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਅਤੇ ਡਾ. ਸ਼ਸ਼ੀ ਥਰੂਰ ਚੋਣ ਮੈਦਾਨ ਵਿੱਚ ਹਨ। ਇਸ ਚੋਣ ਵਿੱਚ ਸਮੁੱਚੀ ਪੋਲਿੰਗ ਦਰ ਕਰੀਬ 95 ਫੀਸਦੀ ਹੈ ਜਦੋਂ ਕਿ ਪੰਜਾਬ ਵਿੱਚ 92.90 ਫੀਸਦੀ ਡੈਲੀਗੇਟਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਵੋਟ ਪਾਉਣ ਮਗਰੋਂ ਉਨ੍ਹਾਂ ਦੋਸ਼ਾਂ ਨੂੰ ਨਕਾਰਿਆ ਕਿ ਮਲਿਕਾਰਜੁਨ ਖੜਗੇ ਪ੍ਰਧਾਨਗੀ ਦੇ ਅਹੁਦੇ ਲਈ ਗਾਂਧੀ ਪਰਿਵਾਰ ਦੇ ‘ਪ੍ਰੌਕਸੀ’ ਉਮੀਦਵਾਰ ਹਨ। ਵੜਿੰਗ ਨੇ ਕਿਹਾ ਕਿ ਚੋਣ ਲੜ ਰਹੇ ਡਾ. ਸ਼ਸ਼ੀ ਥਰੂਰ ਵੀ ਸੀਨੀਅਰ ਅਤੇ ਸਤਿਕਾਰਤ ਆਗੂ ਹਨ, ਜਿਨ੍ਹਾਂ ਨੇ ਚੋਣ ਦੀ ਪਾਰਦਰਸ਼ਤਾ ’ਤੇ ਸਵਾਲ ਨਹੀਂ ਉਠਾਏ ਹਨ।
ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਦਰਦ ਜ਼ਰੂਰ ਹੋ ਰਿਹਾ ਹੈ। ਸ੍ਰੀ ਵੜਿੰਗ ਨੇ ਕਿਹਾ ਕਿ ਹਰ ਵੋਟਰ ਨੇ ਬਿਨਾਂ ਕਿਸੇ ਦਬਾਅ ਤੋਂ ਆਪਣੀ ਵੋਟ ਪਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਦੀ ਪਾਰਦਰਸ਼ੀ ਚੋਣ ਪ੍ਰਕਿਰਿਆ ਨੇ ਹੁਣ ਪਰਿਵਾਰਵਾਦ ਦੇ ਦੋਸ਼ਾਂ ਨੂੰ ਖੋਹ ਲਿਆ ਹੈ ਜਿਸ ਕਾਰਨ ਵਿਰੋਧੀ ਅਜਿਹੀਆਂ ਗੱਲਾਂ ਕਰ ਰਹੇ ਹਨ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਆਸੀ ਧਿਰਾਂ ਨੂੰ ਚੁਣੌਤੀ ਦਿੱਤੀ ਕਿ ਉਹ ਕਾਂਗਰਸ ਵਾਂਗ ਚੋਣਾਂ ਕਰਾਉਣ ਦੀ ਹਿੰਮਤ ਕਰ ਕੇ ਦਿਖਾਉਣ। ਉਨ੍ਹਾਂ ਕਿਹਾ ਕਿ ਇਹ ਜ਼ਮੀਨੀ ਪੱਧਰ ’ਤੇ ਕਾਂਗਰਸੀ ਵਰਕਰਾਂ ਦੀ ਜਿੱਤ ਹੋਵੇਗੀ।
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਹੋਈ ਵੋਟਿੰਗ ਪ੍ਰਕਿਰਿਆ ਦੌਰਾਨ ਪਾਰਟੀ ਡੈਲੀਗੇਟ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਉਨ੍ਹਾਂ ਦੀ ਪਤਨੀ ਸਾਬਕਾ ਵਿਧਾਇਕਾ ਬੀਬੀ ਚਰਨਜੀਤ ਕੌਰ ਬਾਜਵਾ ਅਤੇ ਧਾਰੀਵਾਲ ਵਾਸੀ ਬਰਿੰਦਰ ਸਿੰਘ ਛੋਟੇਪੁਰ ਨੇ ਆਪਣੇ ਡੈਲੀਗੇਟ ਵੋਟ ਦੇ ਅਧਿਕਾਰ ਦੀ ਵਰਤੋਂ ਹੋਏ ਚੰਡੀਗੜ੍ਹ ਸਥਿਤ ਪੰਜਾਬ ਪ੍ਰਦੇਸ਼ ਕਾਂਗਰਸ ਭਵਨ ’ਚ ਬਣੇ ਬੂਥ ’ਤੇ ਵੋਟ ਪੋਲ ਕੀਤੀ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਪੂਰੇ ਭਾਰਤ ਵਿੱਚ ਕਾਂਗਰਸ ਦੇ ਲਗਪਗ ਨੌਂ ਹਜ਼ਾਰ ਡੈਲੀਗੇਟ ਹਨ, ਜੋ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਚੋਣ ਕਰਨਗੇ।