ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਜੂਨ
ਪੰਜਾਬ ਵਿੱਚ ਕਿਸਾਨਾਂ ਵੱਲੋਂ ਕਰਜ਼ੇ ਦੇ ਭਾਰ ਕਾਰਨ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਮਾਮਲਾ ਇੱਕ ਵਾਰ ਮੁੜ ਚਰਚਾ ਵਿੱਚ ਆਇਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥਸ਼ਾਸਤਰੀਆਂ ਡਾ. ਸੁਖਪਾਲ ਸਿੰਘ, ਮਨਜੀਤ ਕੌਰ ਅਤੇ ਐਚ ਐਸ ਕਿੰਗਰਾ ਨੇ ਪੰਜਾਬ ਦੇ ਛੇ ਜ਼ਿਲ੍ਹਿਆਂ ਦੇ 2000 ਤੋਂ 2018 ਦੌਰਾਨ ਖੁਦਕੁਸ਼ੀ ਪੀੜਤਾਂ ਦੇ ਘਰ ਘਰ ਜਾ ਕੇ ਕੀਤੇ ਸਰਵੇ ਦੇ ਆਧਾਰ ’ਤੇ ਤੱਥ ਇੱਕ ਕੌਮੀ ਪੱਧਰ ਦੇ ਰਸਾਲੇ ਰਾਹੀਂ ਜਨਤਕ ਕੀਤੇ ਹਨ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਨੇ ਕਿਸਾਨ ਖੁਦਕੁਸ਼ੀਆਂ ਦੇ ਅੰਕੜਿਆਂ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਜ਼ਮੀਨੀ ਸਰਵੇ ਦੇ ਆਧਾਰ ’ਤੇ ਤਿਆਰ ਕੀਤੀ ਇਹ ਰਿਪੋਰਟ ਕਿਸਾਨੀ ਸੰਕਟ ਦੀ ਗੰਭੀਰਤਾ ਬਾਰੇ ਦੱਸਦੀ ਹੈ। 88 ਫੀਸਦੀ ਕਿਸਾਨਾਂ ਨੇ ਕਰਜ਼ੇ ਕਾਰਨ ਖੁਦਕੁਸ਼ੀਆਂ ਕੀਤੀਆਂ।
ਪੀਏਯੂ ਮਾਹਿਰਾਂ ਦੀ ਰਿਪੋਰਟ ਅਨੁਸਾਰ ਸਾਲ 1991 ਤੋਂ 2011 ਤੱਕ ਦੋ ਲੱਖ ਛੋਟੇ ਕਿਸਾਨ ਖੇਤੀ ਧੰਦਾ ਛੱਡ ਚੁੱਕੇ ਹਨ। ਕਿਸਾਨ ਖੁਦਕੁਸ਼ੀਆਂ ਵਿੱਚ 2000 ਤੋਂ 2018 ਤੱਕ ਕੁੱਲ 2566 ਖੁਦਕੁਸ਼ੀਆਂ ਨਾਲ ਮੌਜੂਦਾ ਮੁੱਖ ਮੰਤਰੀ ਦਾ ਜ਼ਿਲ੍ਹਾ ਸੰਗਰੂਰ ਪਹਿਲੇ ਨੰਬਰ ’ਤੇ ਹੈ ਜਦਕਿ 2098 ਨਾਲ ਮਾਨਸਾ ਦੂਜੇ ਤੇ 1956 ਨਾਲ ਬਠਿੰਡਾ ਤੀਜੇ ਸਥਾਨ ’ਤੇ ਹੈ। ਇਸ ਤੋਂ ਇਲਾਵਾ ਬਰਨਾਲਾ ਵਿਚ 1126, ਮੋਗਾ ਵਿਚ 880 ਅਤੇ ਲੁਧਿਆਣਾ ਵਿਚ 725 ਖੁਦਕੁਸ਼ੀਆਂ ਕੀਤੀਆਂ ਗਈਆਂ ਜੋ ਕ੍ਰਮਵਾਰ ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ ’ਤੇ ਹਨ। ਸਾਲ 2008 ਦੌਰਾਨ ਸਭ ਤੋਂ ਵੱਧ 630 ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ।
77 ਫੀਸਦੀ ਛੋਟੇ ਕਿਸਾਨਾਂ ਤੇ 0.47 ਫੀਸਦੀ ਵੱਡੇ ਕਿਸਾਨਾਂ ਵੱਲੋਂ ਖੁਦਕੁਸ਼ੀ
ਰਿਪੋਰਟ ਅਨੁਸਾਰ 77 ਫੀਸਦ ਖੁਦਕੁਸ਼ੀਆਂ ਕਰਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨ ਸਨ। ਵੱਡੇ ਕਿਸਾਨਾਂ ਵਿਚ ਖੁਦਕੁਸ਼ੀ ਦਾ ਅੰਕੜਾ ਸਿਰਫ 0.47 ਫੀਸਦੀ ਹੀ ਹੈ। ਰਿਪੋਰਟ ਮੁਤਾਬਕ 75 ਫੀਸਦੀ ਕਰਜ਼ਾ ਖੇਤੀ ਉਤਪਾਦਨ ਜਾਂ ਮਸ਼ੀਨੀਕਰਨ ਲਈ ਲਿਆ ਗਿਆ ਸੀ।ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਇਹ ਰਿਪੋਰਟ ਉਨ੍ਹਾਂ ਲੀਡਰਾਂ ਨੂੰ ਵੀ ਜਵਾਬ ਹੈ, ਜਿਹੜੇ ਕਹਿੰਦੇ ਹਨ ਕਿ ਘਰੇਲੂ ਕਲੇਸ਼ ਕਾਰਨ ਖੁਦਕੁਸ਼ੀਆਂ ਹੋ ਰਹੀਆਂ ਹਨ, ਕਿਉਂਕਿ ਸਰਵੇ ਅਨੁਸਾਰ 88 ਫੀਸਦੀ ਖੁਦਕੁਸ਼ੀਆਂ ਕਰਜ਼ੇ ਕਰਕੇ ਹੀ ਹੋਈਆਂ ਹਨ, ਜਿਸ ਵਿਚ ਘਰੇਲੂ ਕਲੇਸ਼ 17.18 ਫੀਸਦੀ, ਫਸਲ ਦਾ ਖਰਾਬਾ 8.32 ਫੀਸਦੀ, ਬਿਮਾਰੀ 6.27 ਫੀਸਦੀ ਅਤੇ ਜ਼ਮੀਨ ਕੁਰਕੀ 3.63 ਫੀਸਦੀ ਖੁਦਕੁਸ਼ੀ ਦਾ ਕਾਰਨ ਰਿਹਾ। ਖੁਦਕੁਸ਼ੀਆਂ ਕਰਨ ਵਾਲੇ 75 ਫੀਸਦੀ (19 ਤੋਂ 35 ਸਾਲ) ਕਿਸਾਨ ਨੌਜਵਾਨ ਹੀ ਸਨ ਅਤੇ ਇਨ੍ਹਾਂ ਵਿਚੋਂ 75 ਫੀਸਦੀ ਅਨਪੜ੍ਹ ਜਾਂ ਪ੍ਰਾਇਮਰੀ ਤਕ ਹੀ ਪੜ੍ਹੇ ਸਨ।