ਆਤਿਸ਼ ਗੁਪਤਾ
ਚੰਡੀਗੜ੍ਹ, 12 ਮਈ
ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ 2022 ਵਿਚ ਜਿੱਤ ਹਾਸਲ ਕਰ ਕੇ ਪਹਿਲੀ ਵਾਰ ਵਿਧਾਨ ਸਭਾ ਦੀ ਪੌੜੀ ਚੜ੍ਹਨ ਵਾਲੇ 86 ਵਿਧਾਇਕਾਂ ਨੂੰ ਵਿਧਾਨ ਸਭਾ ਦੀ ਕੰਮਕਾਜ ਬਾਰੇ ਸਿਖਲਾਈ ਦੇਣ ਲਈ ਦੋ ਦਿਨ ਦਾ ਸਿਖਲਾਈ ਕੈਂਪ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕੈਂਪ 31 ਮਈ ਅਤੇ 1 ਜੂਨ ਨੂੰ ਲਗਾਇਆ ਜਾਵੇਗਾ, ਜਿਸ ਵਿੱਚ ਪਾਰਲੀਮੈਂਟਰੀ ਰਿਸਰਚ ਅਤੇ ਟਰੇਨਿੰਗ ਇੰਸਟੀਚਿਊਟ ਫੋਰ ਡੈਮੋਕਰੇਸੀ ਦੇ ਮਾਹਿਰ ਵਿਧਾਇਕਾਂ ਨੂੰ ਸਿਖਲਾਈ ਦੇਣਗੇ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਇਸ ਵਾਰ 73 ਫੀਸਦ ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹਨ। ਵੱਡੀ ਗੱਲ ਇਹ ਹੈ ਕਿ ਕੁੱਲ 117 ਵਿੱਚੋਂ 86 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀ ਪੌੜੀ ਚੜ੍ਹੇ ਹਨ। ਇਨ੍ਹਾਂ ਵਿੱਚੋਂ 82 ਵਿਧਾਇਕ ਆਮ ਆਦਮੀ ਪਾਰਟੀ ਦੇ ਹਨ।