ਚਰਨਜੀਤ ਭੁੱਲਰ
ਚੰਡੀਗੜ੍ਹ, 17 ਮਾਰਚ
ਪੰਜਾਬ ਵਿਚ ਪੈਨਸ਼ਨ ਲੈਣ ਵਾਲੇ ਸਾਬਕਾ ਵਿਧਾਇਕਾਂ ਦੀ ਕਤਾਰ ਲੰਮੀ ਹੋ ਗਈ ਹੈ ਜਿਸ ਕਾਰਨ ਸਰਕਾਰੀ ਖ਼ਜ਼ਾਨੇ ’ਤੇ ਐਤਕੀਂ ਹੋਰ ਬੋਝ ਪਏਗਾ। ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਨੇ ਪ੍ਰਮੁੱਖ ਸਿਆਸੀ ਹਸਤੀਆਂ ਨੂੰ ‘ਸਾਬਕਾ ਵਿਧਾਇਕਾਂ’ ਵਾਲੀ ਕਤਾਰ ਵਿਚ ਬਿਠਾ ਦਿੱਤਾ ਹੈ। ਭਾਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਹ 5.26 ਲੱਖ ਪ੍ਰਤੀ ਮਹੀਨਾ ਪੈਨਸ਼ਨ ਲੈਣ ਦੇ ਹੱਕਦਾਰ ਬਣ ਗਏ ਸਨ।
ਐਤਕੀਂ ਵਿਧਾਨ ਸਭਾ ਦੇ ਗਠਨ ਤੋਂ ਪਹਿਲਾਂ ਪੰਜਾਬ ਦੇ 245 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲ ਰਹੀ ਸੀ। ਹੁਣ ਬਹੁਤੇ ਵਿਧਾਇਕ ਤੇ ਮੰਤਰੀ ਚੋਣਾਂ ਹਾਰ ਗਏ ਹਨ, ਜਿਸ ਕਰਕੇ 80 ਹੋਰ ਨਵੇਂ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ। ਹੁਣ ਕੁੱਲ 325 ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਮਿਲਿਆ ਕਰੇਗੀ। ਸੂਤਰ ਦੱਸਦੇ ਹਨ ਕਿ ਪਹਿਲੀ ਵਾਰ ਸਾਬਕਾ ਵਿਧਾਇਕਾਂ ਦੀ ਗਿਣਤੀ ’ਚ ਇੰਨਾ ਵੱਡਾ ਇਜ਼ਾਫਾ ਹੋਇਆ ਹੈ। ਹੁਣ ਸਾਬਕਾ ਵਿਧਾਇਕਾਂ ਦੀ ਗਿਣਤੀ ਵਧਣ ਕਰਕੇ ਪੈਨਸ਼ਨ ਦਾ ਸਾਲਾਨਾ ਬਜਟ 30 ਕਰੋੜ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ। ਅਜਿਹੇ ਵਿਚ ਘੱਟੋ-ਘੱਟ 8 ਕਰੋੜ ਰੁਪਏ ਸਾਲਾਨਾ ਭਾਰ ਵਧ ਸਕਦਾ ਹੈ।
ਵੱਧ ਪੈਨਸ਼ਨ ਲੈਣ ਦੇ ਲਿਹਾਜ਼ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮਗਰੋਂ ਬੀਬੀ ਰਾਜਿੰਦਰ ਕੌਰ ਭੱਠਲ ਆਉਂਦੇ ਹਨ। ਬੀਬੀ ਭੱਠਲ ਤੋਂ ਇਲਾਵਾ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਸਾਬਕਾ ਅਕਾਲੀ ਮੰਤਰੀ ਸਰਵਣ ਸਿੰਘ ਫਿਲੌਰ ਅਜਿਹੇ ਆਗੂ ਹਨ, ਜਿਨ੍ਹਾਂ ਨੂੰ ਸਭ ਤੋਂ ਵੱਧ ਸਾਬਕਾ ਵਿਧਾਇਕਾਂ ਵਾਲੀ ਪੈਨਸ਼ਨ ਮਿਲ ਰਹੀ ਹੈ। ਬੀਬੀ ਭੱਠਲ ਛੇ ਵਾਰ ਵਿਧਾਇਕ ਬਣੇ ਹਨ, ਜਿਸ ਕਰਕੇ ਉਨ੍ਹਾਂ ਨੂੰ 3.25 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ। ਇਸੇ ਤਰ੍ਹਾਂ ਲਾਲ ਸਿੰਘ ਅਤੇ ਸਰਵਣ ਸਿੰਘ ਫਿਲੌਰ ਵੀ ਛੇ-ਛੇ ਵਾਰ ਵਿਧਾਇਕ ਰਹਿ ਚੁੱਕੇ ਹਨ। ਇਨ੍ਹਾਂ ਆਗੂਆਂ ਨੂੰ ਵੀ ਸਵਾ ਤਿੰਨ-ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ। ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਪੰਜ ਵਾਰ ਵਿਧਾਇਕ ਬਣੇ ਹਨ, ਜਿਸ ਕਰਕੇ ਉਨ੍ਹਾਂ ਨੂੰ ਪ੍ਰਤੀ ਮਹੀਨਾ 2.75 ਲੱਖ ਰੁਪਏ ਪੈਨਸ਼ਨ ਮਿਲ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਵੀ ਖ਼ਜ਼ਾਨੇ ’ਚੋਂ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਅਪਰੈਲ ਮਹੀਨੇ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਦੀ ਬਤੌਰ ਰਾਜ ਸਭਾ ਮੈਂਬਰ ਮਿਆਦ ਖ਼ਤਮ ਹੋ ਰਹੀ ਹੈ। ਸਾਬਕਾ ਸੰਸਦ ਮੈਂਬਰ ਬਣਨ ਦੀ ਸੂਰਤ ਵਿਚ ਢੀਂਡਸਾ ਅਤੇ ਭੂੰਦੜ ਨੂੰ ਸਾਬਕਾ ਐੱਮਪੀ ਵਾਲੀ ਪੈਨਸ਼ਨ ਵੀ ਮਿਲਣੀ ਸ਼ੁਰੂ ਹੋ ਜਾਣੀ ਹੈ।
ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਸਵਾ ਦੋ-ਦੋ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਐਤਕੀਂ ਚੌਥੀ ਵਾਰ ਵਿਧਾਇਕ ਬਣੇ ਹਨ। ਪਹਿਲਾਂ ਉਨ੍ਹਾਂ ਨੂੰ ਤਿੰਨ ਟਰਮਾਂ ਦੀ ਪੌਣੇ ਦੋ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਸੀ, ਜੋ ਹੁਣ ਵਿਧਾਇਕ ਬਣਨ ਮਗਰੋਂ ਬੰਦ ਹੋ ਗਈ ਹੈ। ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਦੀ ਜਦੋਂ ਹੀ ਅਪਰੈਲ ਵਿਚ ਰਾਜ ਸਭਾ ਮੈਂਬਰੀ ਦੀ ਮਿਆਦ ਖ਼ਤਮ ਹੋਵੇਗੀ ਤਾਂ ਉਦੋਂ ਹੀ ਸਾਬਕਾ ਐੱਮਪੀ ਵਾਲੀ ਪੈਨਸ਼ਨ ਸ਼ੁਰੂ ਹੋ ਜਾਵੇਗੀ।
ਵੇਰਵਿਆਂ ਅਨੁਸਾਰ ਜੋ ਇੱਕ ਵਾਰ ਵਿਧਾਇਕ ਬਣ ਜਾਂਦਾ ਹੈ, ਉਹ ਸਭ ਭੱਤਿਆਂ ਸਮੇਤ 75,150 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ। ਜੇ ਦੋ ਵਾਰ ਵਿਧਾਇਕ ਬਣਦਾ ਹੈ ਤਾਂ ਸਵਾ ਲੱਖ ਰੁਪਏ, ਤਿੰਨ ਵਾਰੀ ਬਣਨ ’ਤੇ ਪੌਣੇ ਦੋ ਲੱਖ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ ਹੈ। ਪੰਜਾਬ ਸਰਕਾਰ ਨੇ 26 ਅਕਤੂਬਰ 2016 ਨੂੰ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵਿਚ ਵਾਧਾ ਕੀਤਾ ਸੀ।
ਸਾਬਕਾ ਵਿਧਾਇਕਾਂ ਨੂੰ ਉਮਰ ਭਰ ਲਈ ਪੈਨਸ਼ਨ
ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ ਐਕਟ 197 ਅਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ ਨਿਯਮ 1984 ਦੀ ਧਾਰਾ 3(1) ਅਧੀਨ ਪੈਨਸ਼ਨ ਨਿਸ਼ਚਿਤ ਕੀਤੀ ਜਾਂਦੀ ਹੈ। ਇੱਕ ਵਾਰੀ ਵਿਧਾਇਕ ਚੁਣੇ ਜਾਣ ਮਗਰੋਂ ਜੀਵਨ ਭਰ ਲਈ ਪੈਨਸ਼ਨ ਦਾ ਹੱਕ ਮਿਲ ਜਾਂਦਾ ਹੈ। ਮੌਤ ਹੋਣ ਪਿੱਛੋਂ ਪਰਿਵਾਰ ਨੂੰ ਫੈਮਿਲੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ।