ਜੋਗਿੰਦਰ ਸਿੰਘ ਓਬਰਾਏ
ਖੰਨਾ, 16 ਜਨਵਰੀ
ਇੱਥੋਂ ਦੇ ਗੁਰਦੁਆਰਾ ਕਲਗੀਧਰ ਸਾਹਿਬ ਨੇੜੇ ਅੱਜ ਤੜਕੇ ਕਰੀਬ 7:30 ਵਜੇ ਜਰਨੈਲੀ ਸੜਕ ਦੇ ਪੁਲ ’ਤੇ ਸੰਘਣੀ ਧੁੰਦ ਕਾਰਨ 8-10 ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ 4 ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਉਪਰੰਤ ਜੀਟੀ ਰੋਡ ’ਤੇ ਕਈ ਘੰਟੇ ਟਰੈਫ਼ਿਕ ਜਾਮ ਰਿਹਾ। ਜਾਣਕਾਰੀ ਅਨੁਸਾਰ ਇਕ ਖ਼ਰਾਬ ਟਰੱਕ ਸੜਕ ’ਤੇ ਖੜ੍ਹਾ ਸੀ ਅਤੇ ਸੰਘਣੀ ਧੁੰਦ ਕਾਰਨ ਇਕ ਕਾਰ ਉਸ ਵਿੱਚ ਆ ਵੱਜੀ। ਉਸ ਦੇ ਪਿੱਛੇ ਟਾਟਾ-407 ਟੈਂਪੂ ਆ ਕੇ ਰੁਕਿਆ ਹੀ ਸੀ ਕਿ ਪਿਛੋਂ ਆ ਰਿਹਾ ਤੇਜ਼ ਰਫ਼ਤਾਰ ਟਰਾਲਾ ਉਸ ਵਿੱਚ ਇੰਨੀ ਜ਼ੋਰ ਨਾਲ ਟਕਰਾਇਆ ਕਿ ਟੈਂਪੂ ਚਾਲਕ ਤੇ ਕਲੀਨਰ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂ ਕਿ ਕਾਰ ਸਵਾਰ 4 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਥਾਣਾ ਸਿਟੀ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੌਕੇ ਤੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ। ਮ੍ਰਿਤਕ ਨੌਜਵਾਨਾਂ ਦੀ ਅਜੇ ਪਛਾਣ ਨਹੀਂ ਹੋ ਸਕੀ।