ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਸਤੰਬਰ
ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਤਿੰਨ ਵਰਗਾਂ ਵਿੱਚ 74 ਅਧਿਆਪਕਾਂ ਨੂੰ ਸੂਬਾ ਪੱਧਰੀ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 55 ਅਧਿਆਪਕਾਂ ਨੂੰ ਰਾਜ ਪੁਰਸਕਾਰ ਦਿੱਤਾ ਜਾਵੇਗਾ, ਜਦੋਂਕਿ 10 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 9 ਅਧਿਆਪਕਾਂ ਨੂੰ ਪ੍ਰਬੰਧਕੀ ਐਵਾਰਡ ਵੀ ਦਿੱਤਾ ਜਾਵੇਗਾ। ਪੁਰਸਕਾਰ ਲਈ ਚੁਣੇ ਗਏ ਅਧਿਆਪਕਾਂ ਵਿੱਚ ਅੰਮ੍ਰਿਤਸਰ ਤੋਂ ਰਾਜਨ, ਸੰਜੇ ਕੁਮਾਰ, ਬਰਨਾਲਾ ਤੋਂ ਕਮਲਦੀਪ, ਬਠਿੰਡਾ ਤੋਂ ਅਮਨਦੀਪ ਸਿੰਘ ਸੇਖੋਂ, ਫਰੀਦਕੋਟ ਤੋਂ ਪਰਮਿੰਦਰ ਸਿੰਘ, ਫਤਹਿਗੜ੍ਹ ਸਾਹਿਬ ਤੋਂ ਨੌਰੰਗ ਸਿੰਘ, ਰਾਜਿੰਦਰ ਕੌਰ, ਫਾਜ਼ਿਲਕਾ ਤੋਂ ਸੋਮਾ ਰਾਣੀ, ਪ੍ਰਭਦੀਪ ਸਿੰਘ, ਸੁਰਿੰਦਰ ਕੁਮਾਰ, ਹਰੀਸ਼ ਕੁਮਾਰ, ਫਿਰੋਜ਼ਪੁਰ ਤੋਂ ਸੋਨੀਆ, ਬੀ ਆਨੰਦ, ਰਵੀਇੰਦਰ ਸਿੰਘ, ਰਾਕੇਸ਼ ਕੁਮਾਰ, ਗੁਰਦਾਸਪੁਰ ਤੋਂ ਪਲਵਿੰਦਰ ਸਿੰਘ, ਜਸਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਸੇਵਾ ਸਿੰਘ, ਸੰਦੀਪ ਸਿੰਘ, ਜਸਵੀਰ ਸਿੰਘ, ਨਿਤਿਨ ਸੁਮਾਨ, ਕਪੂਰਥਲਾ ਤੋਂ ਸੁਨੀਤਾ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਜਲੰਧਰ ਤੋਂ ਅਸ਼ੋਕ ਕੁਮਾਰ ਬਸਰਾ, ਦੀਪਕ ਕੁਮਾਰ, ਲੁਧਿਆਣਾ ਤੋਂ ਰੁਮਾਨੀ ਅਹੂਜਾ, ਵਿਕਾਸ ਕਪਿਲਾ, ਵਿਨੋਦ ਕੁਮਾਰ, ਮਾਲੇਰਕੋਟਲਾ ਤੋਂ ਗੋਪਾਲ ਸਿੰਘ, ਅੰਮ੍ਰਿਤਪਾਲ ਸਿੰਘ ਉੱਪਲ, ਮੁਕਤਸਰ ਤੋਂ ਕੰਵਲਜੀਤ ਸਿੰਘ, ਮਾਨਸਾ ਤੋਂ ਗੁਰਦਾਸ ਸਿੰਘ, ਪਰਵਿੰਦਰ ਸਿੰਘ, ਪਰਮਿੰਦਰ ਸਿੰਘ, ਮੋਗਾ ਤੋਂ ਬੂਟਾ ਸਿੰਘ, ਪਠਾਨਕੋਟ ਤੋਂ ਜੋਗਿੰਦਰ ਕੁਮਾਰ, ਪਟਿਆਲਾ ਤੋਂ ਜੀਵਨਜੋਤ ਸਿੰਘ, ਸੁਖਵੀਰ ਸਿੰਘ, ਰਾਜਵੰਤ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਕੌਰ, ਅਮਨਦੀਪ ਕੌਰ, ਰੂਪਨਗਰ ਤੋਂ ਸੰਜੀਵ ਕੁਮਾਰ, ਨਰਿੰਦਰ ਸਿੰਘ, ਨਵਾਂ ਸ਼ਹਿਰ ਤੋਂ ਬਿੰਦੂ ਕੈਂਥ, ਰਮਨ ਕੁਮਾਰ, ਸੰਗਰੂਰ ਤੋਂ ਕੁਲਵੀਰ ਸਿੰਘ, ਗੁਰਵਿੰਦਰ ਸਿੰਘ, ਮੁਹਾਲੀ ਤੋਂ ਤਜਿੰਦਰ ਸਿੰਘ, ਤਰਨਤਾਰਨ ਤੋਂ ਇੰਦਰਪ੍ਰੀਤ ਸਿੰਘ, ਰਜਨੀ ਅਤੇ ਗੁਰਵਿੰਦਰ ਸਿੰਘ, ਬਰਨਾਲਾ ਤੋਂ ਨਿਤਿਨ ਸੋਢੀ, ਸੁਖਵਿੰਦਰ ਕੌਰ, ਬਠਿੰਡਾ ਤੋਂ ਜਗਸੀਰ ਸਿੰਘ, ਸੁਖਪਾਲ ਸਿੰਘ ਦੀ ਚੋਣ ਹੋਈ ਹੈ।
ਪੰਜਾਬ ਏਡਿਡ ਸਕੂਲ ਅਧਿਆਪਕ ਤੇ ਪੈਨਸ਼ਨਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਮੁਲਤਵੀ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਪੈਨਸ਼ਨਰ ਯੂਨੀਅਨ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਰਾਸਤ-ਏ-ਖਾਲਸਾ ਕੰਪਲੈਕਸ ਵਿੱਚ ਹੋ ਰਹੇ ਸੂਬਾ ਪੱਧਰੀ ਸਮਾਗਮ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਅੱਜ ਇਥੇ ਯੂਨੀਅਨ ਦੀ ਐਕਸ਼ਨ ਕਮੇਟੀ ਦੌਰਾਨ ਲਿਆ ਗਿਆ। ਜ਼ਿਕਰਯੋਗ ਹੈ ਕਿ ਇਹ ਸੰਘਰਸ਼ ਏਡਿਡ ਸਕੂਲ ਅਧਿਆਪਕ ਤੇ ਪੈਨਸ਼ਨਰ ਯੂਨੀਅਨ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨ ਦੇ ਵਿਰੋਧ ਵਿੱਚ ਵਿੱਢਿਆ ਗਿਆ ਹੈ। ਇਸ ਸਬੰਧੀ ਯੂਨੀਅਨ ਦੇ ਸੂਬਾ ਸਰਪ੍ਰਸਤ ਗੁਰਚਰਨ ਸਿੰਘ ਚਾਹਲ, ਸੂਬਾ ਪ੍ਰਧਾਨ ਐੱਨਐੱਨ ਸੈਣੀ ਤੇ ਸੂਬਾ ਸਕੱਤਰ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਯੂਨੀਅਨ ਨੂੰ 6 ਸਤੰਬਰ ਨੂੰ ਪੈਨਲ ਮੀਟਿੰਗ ਲਈ ਸੱਦਾ ਪੱਤਰ ਦਿੱਤਾ ਗਿਆ ਹੈ, ਜਿਸ ਕਰਕੇ ਯੂਨੀਅਨ ਨੇ ਹਾਲ ਦੀ ਘੜੀ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ।