ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸਟੋਰ ਮਾਲਕ ਗ੍ਰਿਫ਼ਤਾਰ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਤਰਨ ਤਾਰਨ ਵਿੱਚ ਸੋਮਵਾਰ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਇੱਕ ਮਰੀਜ਼ ਦਾ ਹਾਲ ਪੁੱਛਦੇ ਹੋਏ ਵਿਧਾਇਕ ਸਿਮਰਨਜੀਤ ਸਿੰਘ ਬੈਂਸ। -ਫੋਟੋ: ਪੰਜਾਬੀ ਟ੍ਰਿਬਿਊਨ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਗਸਤ

ਮਾਝੇ ਦੇ ਤਿੰਨ ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 119 ਹੋ ਗਈ ਹੈ। ਤਰਨ ਤਾਰਨ ’ਚ ਤਿੰਨ ਅਤੇ ਬਟਾਲਾ ਤੇ ਜੰਡਿਆਲਾ ਗੁਰੂ ’ਚ ਦੋ-ਦੋ ਹੋਰ ਮੌਤਾਂ ਹੋਈਆਂ ਹਨ।ਅੰਮ੍ਰਿਤਸਰ (ਦਿਹਾਤੀ) ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਰਵਿੰਦਰ ਸਿੰਘ ਦੇ ਖੁਲਾਸੇ ਮਗਰੋਂ ਪੁਲੀਸ ਨੇ ਮੋਗਾ ਦੇ ਪੇਂਟ ਸਟੋਰ ਦੇ ਮਾਲਕ ਅਸ਼ਵਨੀ ਬਜਾਜ ਅਤੇ ਲੁਧਿਆਣਾ ਦੇ ਪੇਂਟ ਸਟੋਰ ਮਾਲਕ ਰਾਜੀਵ ਜੋਸ਼ੀ ਨੂੰ ਫੜ ਲਿਆ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੇ ਪੰਡੋਰੀ ਗੋਲਾ ਦੇ ਹਰਜੀਤ ਸਿੰਘ ਨਾਲ ਪਰਿਵਾਰਕ ਸਬੰਧ ਹਨ। ਅਵਤਾਰ ਸਿੰਘ ਨੇ ਮੋਗਾ ਦੇ ਰਵਿੰਦਰ ਸਿੰਘ ਆਨੰਦ ਤੋਂ ਅਲਕੋਹਲ ਦੇ 200-200 ਲਿਟਰ ਦੇ ਤਿੰਨ ਡਰੰਮ ਖ਼ਰੀਦੇ ਸਨ।

ਤਰਨ ਤਾਰਨ (ਗੁਰਬਖ਼ਸ਼ਪੁਰੀ): ਜ਼ਹਿਰੀਲੀ ਸ਼ਰਾਬ ਦੀ ਮਾਰ ਹੇਠ ਆਏ ਤਰਨ ਤਾਰਨ ’ਚ ਅੱਜ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਨਾਲ ਜ਼ਿਲ੍ਹੇ ’ਚ ਸ਼ਰਾਬ ਕਾਂਡ ਦੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 91 ਹੋ ਗਈ ਹੈ। ਭਾਵੇਂ ਕਿ ਪ੍ਰਸ਼ਾਸਨ ਮੌਤਾਂ ਦੀ ਗਿਣਤੀ ਥੋੜ੍ਹਾ ਘਟਾ ਕੇ ਦੱਸ ਰਿਹਾ ਹੈ। ਅੱਜ ਮੁਰਾਦਪੁਰ ਆਬਾਦੀ ਦੇ ਵਾਸੀ ਕੁਲਵੰਤ ਸਿੰਘ, ਮਿਗਲਾਨੀ ਪਿੰਡ ਦੇ ਹਰਜਿੰਦਰ ਸਿੰਘ ਅਤੇ ਕਲੇਰ ਵਾਸੀ ਗੁਰਮੀਤ ਸਿੰਘ ਨੇ ਦਮ ਤੋੜ ਦਿੱਤਾ। ਪ੍ਰਸ਼ਾਸਨ ਮੁਤਾਬਕ ਕੁਝ ਲੋਕਾਂ ਨੇ ਲਾਸ਼ਾਂ ਦਾ ਸਸਕਾਰ ਚੁੱਪ-ਚੁਪੀਤੇ ਕਰ ਦਿੱਤਾ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸ ਦੁਖਾਂਤ ਤੋਂ ਵਧੇਰੇ ਪ੍ਰਭਾਵਿਤ ਪਿੰਡਾਂ ਅੰਦਰ ਇਕ ਅਜੀਬ ਕਿਸਮ ਦੀ ਚੁੱਪੀ ਛਾਈ ਹੋਈ ਹੈ| ਪੁਲੀਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੀਆਂ ਪੰਜ ਔਰਤਾਂ ਸਮੇਤ 40 ਦੇ ਕਰੀਬ ਵਿਅਕਤੀਆਂ ਖਿਲਾਫ਼ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤੇ ਹਨ। ਉਂਜ ਇਨ੍ਹਾਂ ’ਚੋਂ ਜ਼ਿਆਦਾਤਰ ਇਸ ਕਾਂਡ ਨਾਲ ਨਹੀਂ ਜੁੜੇ ਹੋਏ ਹਨ। ਇਸ ਕਾਂਡ ਦੇ ਤਾਰ ਯੋਜਨਾਬੱਧ ਤਰੀਕੇ ਨਾਲ ਕੰਮ ਕਰਦੇ ਗਰੋਹ ਨਾਲ ਜੁੜੇ ਹੋਏ ਹਨ| ਇਥੋਂ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਪਿੰਡ ਕੱਲ੍ਹਾ ਦੇ ਰਾਮ ਸਿੰਘ (55) ਨੇ ਦੱਸਿਆ ਕਿ ਉਹ ਆਪਣੇ ਪਿੰਡ ਦੇ ਕੁਲਦੀਪ ਸਿੰਘ ਨਾਂ ਦੇ ਵਿਅਕਤੀ ਕੋਲ ਸ਼ਰਾਬ ਪੀਣ ਲਈ ਜਾਂਦਾ ਸੀ। ਉਸ ਮੁਤਾਬਕ ਪਿੰਡ ਵਿੱਚ ਕਈ ਔਰਤਾਂ ਵੀ ਇਸ ਕੰਮ ਵਿੱਚ ਸ਼ਾਮਲ ਹਨ| ਉਸ ਨੇ ਦੱਸਿਆ ਕਿ ਬੀਤੇ ਚਾਰ ਮਹੀਨਿਆਂ ਤੋਂ ਕਾਰੋਬਾਰ ਬੰਦ ਹੋਣ ਕਰ ਕੇ ਇਕ ਵਿਸ਼ੇਸ਼ ਤਬਕੇ ਦੇ ਲੋਕ ਸ਼ਰਾਬ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ ਸਨ| ਕੱਕਾ ਕੰਡਿਆਲਾ ਪਿੰਡ ਦੇ ਕੁਲਦੀਪ ਸਿੰਘ (60) ਅਤੇ ਸੁਖਦੇਵ ਸਿੰਘ (62) ਨੇ ਦੱਸਿਆ ਕਿ ਇਸ ਧੰਦੇ ਵਿੱਚ ਸ਼ਾਮਲ ਉਨ੍ਹਾਂ ਦੇ ਪਿੰਡ ਦਾ ਇਕ ਵਿਅਕਤੀ ਬੱਬੂ ਤਾਂ ਪਹਿਲੇ ਦਿਨ ਹੀ ਮਰ ਗਿਆ ਸੀ ਪਰ ਇਸ ਕੰਮ ਵਿੱਚ ਸ਼ਾਮਲ ਕਈ ਹੋਰ ਵਿਅਕਤੀ ਪਿੰਡ ਵਿੱਚ ਮੌਜੂਦ ਹਨ| ਪੁਲੀਸ ਨੇ ਇਸ ਧੰਦੇ ਵਿੱਚ ਸ਼ਾਮਲ ਸਰਹਾਲੀ ਰੋਡ ਦੀ ਇਕ ਔਰਤ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਹੈ| ਇਹ ਧੰਦਾ ਕਰਦੇ ਆ ਰਹੇ ਵਿਅਕਤੀਆਂ ਨੇ ਜਾਂ ਤਾਂ ਆਪਣੇ ਘਰਾਂ ਅੰਦਰ ਦੜ ਵੱਟ ਲਈ ਹੈ ਜਾਂ ਫਿਰ ਉਹ ਗੁਪਤਵਾਸ ਹੋ ਕੇ ਕਿਧਰੇ ਚਲੇ ਗਏ ਹਨ| ਕੰਗ ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਪਿੰਡ ਅੰਦਰ ਜ਼ਹਿਰੀਲੀ ਸ਼ਰਾਬ ਦਾ ਵਰਤਾਰਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ ਅਤੇ ਪੁਲੀਸ ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ| ਭੁੱਲਰ ਪਿੰਡ ’ਚ ਮ੍ਰਿਤਕ ਪ੍ਰਕਾਸ਼ ਸਿੰਘ ਦੇ ਘਰ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਆਏ ਲੋਕਾਂ ਨੇ ਖੁੱਲ੍ਹੇਆਮ ਕਿਹਾ ਕਿ ਇਸ ਧੰਦੇ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਦਾ ਪੂਰਾ-ਪੂਰਾ ਹੱਥ ਹੈ| ਐੱਸਪੀ (ਡਿਟੈਕਟਿਵ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਿਆਂ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ|

ਬਟਾਲਾ (ਦਲਬੀਰ ਸੱਖੋਵਾਲੀਆ): ਸਨਅਤੀ ਨਗਰ ਬਟਾਲਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 12 ਤੋਂ ਵੱਧ ਕੇ 14 ਹੋ ਗਈ ਹੈ। ਜਾਣਕਾਰੀ ਅਨੁਸਾਰ ਸਥਾਨਕ ਉਮਰਪੁਰਾ ਚੌਕ ਦੇ ਹਰਜੀਤ ਸਿੰਘ (35) ਅਤੇ ਅਵਤਾਰ ਸਿੰਘ (65) ਵਾਸੀ ਬਾਈਪਾਸ ਬਟਾਲਾ ਦੀ ਮੌਤ ਹੋਈ ਹੈ। ਬਟਾਲਾ ਦੇ ਤਹਿਸੀਲਦਾਰ ਨੇ ਦੱਸਿਆ ਕਿ ਦਰਸ਼ਨ ਸਿੰਘ ਅਤੇ ਧਰਮਿੰਦਰ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧਰਮਿੰਦਰ ਦੇ ਭਰਾ ਦੀ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬਟਾਲਾ ਪੁਲੀਸ ਨੇ ਇਸ ਘਟਨਾ ਦੇ ਮੁੱਖ ਗੁਨਾਹਗਾਰ ਹਰਪ੍ਰੀਤ ਸਿੰਘ ਮੀਆ ਭੰਡਾਰ (ਕੱਥੂਨੰਗਲ) ਨੂੰ ਲੰਘੀ ਸ਼ਾਮ ਗ੍ਰਿਫ਼ਤਾਰ ਕੀਤਾ ਹੈ। ਉਹ ਮੁੱਖ ਸਰਗਣਾ ਗੋਬਿੰਦਾ ਦਾ ਕਰੀਬੀ ਹੈ, ਜਿਸ ਨੂੰ ਬੀਤੇ ਦਿਨ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ।

ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਇਥੋਂ ਦੇ ਵਸਨੀਕ ਕਾਰਜ ਸਿੰਘ ਕਾਰੀ ਅਤੇ ਹਰਜਿੰਦਰ ਸਿੰਘ ਦੀ ਜ਼ਹਿਰੀਲੀ ਸ਼ਰਾਬ ਪੀਣ ਕਰ ਕੇ ਮੌਤ ਹੋ ਗਈ ਹੈ। ਕਾਰਜ ਸਿੰਘ ਨੂੰ ਪਰਿਵਾਰ ਨੇ ਪਹਿਲਾਂ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ ਪਰ ਉਥੋਂ ਜਵਾਬ ਮਿਲਣ ਮਗਰੋਂ ਉਸ ਨੂੰ ਗੁਰੂ ਰਾਮਦਾਸ ਹਸਪਤਾਲ ਵੱਲਾ ’ਚ ਦਾਖ਼ਲ ਕਰਵਾਇਆ ਗਿਆ ਜਿਥੋਂ ਉਸ ਨੂੰ ਗੁਰੂ ਨਾਨਕ ਹਸਪਤਾਲ ਭੇਜ ਦਿੱਤਾ ਗਿਆ। ਇਥੇ ਅੱਜ ਸਵੇਰੇ ਕਰੀਬ ਚਾਰ ਵਜੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਬੇਟੇ ਵੀਰ ਸਿੰਘ ਨੇ ਦੱਸਿਆ ਕਿ ਪਿਤਾ ਸ਼ਨਿਚਰਵਾਰ ਰਾਤ ਮੁਹੱਲਾ ਸ਼ੇਖੂਪੁਰਾ ਵਿੱਚੋਂ ਸ਼ਰਾਬ ਪੀ ਕੇ ਆਏ ਸਨ ਜਿਸ ਮਗਰੋਂ ਉਨ੍ਹਾਂ ਦੀ ਤਬੀਅਤ ਵਿਗੜ ਗਈ ਸੀ। ਉਧਰ ਵੈਰੋਵਾਲ ਰੋਡ ’ਤੇ ਰਹਿਣ ਵਾਲੇ ਹਰਜਿੰਦਰ ਸਿੰਘ ਦੀ ਮੌਤ ਵੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ। ਉਸ ਦੀ ਪਤਨੀ ਨੇ ਦੱਸਿਆ ਕਿ ਹਰਜਿੰਦਰ ਸਿੰਘ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਤੇ ਦੋ ਦਿਨ ਪਹਿਲਾਂ ਉਹ ਵੀ ਮੁਹੱਲਾ ਸ਼ੇਖੂਪੁਰਾ ਤੋਂ ਸ਼ਰਾਬ ਪੀ ਕੇ ਆਇਆ ਸੀ। ਉਸ ਨੂੰ ਕੁਝ ਦੇਰ ਬਾਅਦ ਹੀ ਦਿਖਾਈ ਦੇਣਾ ਬੰਦ ਹੋ ਗਿਆ ਸੀ। ਹਸਪਤਾਲ ਲਿਜਾਉਣ ਸਮੇਂ ਉਸ ਨੇ ਰਸਤੇ ਵਿਚ ਦਮ ਤੋੜਿਆ। ਦੋਵਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਭਜਨ ਸਿੰਘ ਹਲਕਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਕਰਨ ਵਾਲੇ ਲੋਕਾਂ ਨੂੰ ਤੁਰੰਤ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20-20 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All