ਪੱਤਰ ਪ੍ਰੇਰਕ
ਅਮਰਗੜ੍ਹ, 22 ਸਤੰਬਰ
ਇਥੇ ਮੂਲਾਬੱਧਾ ਰੋਡ ਸਥਿਤ ਸਟੀਲ ਫੈਕਟਰੀ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਸੱਤ ਜਣੇ ਜ਼ਖ਼ਮੀ ਹੋ ਗਏ। ਥਾਣਾ ਮੁਖੀ ਵਿਨਰਪ੍ਰੀਤ ਸਿੰਘ ਨੇ ਦੱਸਿਆ ਕਿ ਭੱਠੀ ਦੀ ਮੋਟਰ ਵਿੱਚ ਸਪਾਰਕ ਹੋਣ ਕਾਰਨ ਮੈਟਲ ਮੈਟੀਰੀਅਲ ਭੱਠੀ ਵਿੱਚੋਂ ਬਾਹਰ ਆ ਗਿਆ ਤੇ ਕੰਮ ਕਰਦੇ ਮਜ਼ਦੂਰਾਂ ’ਤੇ ਪੈ ਗਿਆ। ਜ਼ਖ਼ਮੀਆਂ ਦੀ ਪਛਾਣ ਗੁੱਡੂ ਝਾਅ, ਅਨਿਲ ਕੁਮਾਰ, ਸੰਜੂ, ਮੁਕੇਸ਼, ਸੁੰਦਰ ਦਾਸ, ਮੱਘਰ ਸਿੰਘ ਤੇ ਨਿੱਕਾ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਮੱਘਰ ਸਿੰਘ ਤੇ ਨਿੱਕਾ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਟੀਮ ਪਟਿਆਲਾ ਵਿੱਚ ਜ਼ੇਰੇ ਇਲਾਜ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਲਈ ਭੇਜੀ ਗਈ ਹੈ, ਜਿਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਹਾਦਸਾ ਸਵੇਰੇ 11.30 ਵਜੇ ਵਾਪਰਿਆ ਪਰ ਇਸ ਸਬੰਧੀ ਪੁਲੀਸ ਨੂੰ ਬਾਅਦ ਦੁਪਹਿਰ 3.30 ਵਜੇ ਸੂਚਨਾ ਦਿੱਤੀ ਗਈ। ਫੈਕਟਰੀ ਦੇ ਬਾਕੀ ਮੁਲਾਜ਼ਮ ਵੀ ਸਹਿਮੇ ਹੋਏ ਹਨ।