ਚਰਨਜੀਤ ਭੁੱਲਰ
ਚੰਡੀਗੜ੍ਹ, 15 ਦਸੰਬਰ
ਪੰਜਾਬ ਵਿੱਚ ‘ਸੜਕੀ ਟੈਕਸ’ ਲੋਕਾਂ ਦੀਆਂ ਜੇਬਾਂ ਖ਼ਾਲੀ ਕਰ ਰਿਹਾ ਹੈ। ਲੋਕ ਰੋਡ ਟੈਕਸ ਵੀ ਦਿੰਦੇ ਹਨ ਅਤੇ ਟੌਲ ਟੈਕਸ ਵੀ ਭਰਦੇ ਹਨ। ਪੰਜਾਬ ਸਰਕਾਰ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਂ ‘ਮੋਟਰ ਵਹੀਕਲ ਟੈਕਸ’ ਵਸੂਲਦੀ ਹੈ, ਜੋ ਘਰੇਲੂ ਵਾਹਨਾਂ ’ਤੇ ਕਰੀਬ 9 ਫ਼ੀਸਦੀ ਲੱਗਦਾ ਹੈ। ਜਦੋਂ ਇਹ ਵਾਹਨ ਸੜਕ ’ਤੇ ਚੱਲਦੇ ਹਨ ਤਾਂ ਟੌਲ ਉਤਾਰਨਾ ਪੈਂਦਾ ਹੈ। ਪੰਜਾਬ ਵਿਚ ਕੁੱਲ 38 ਟੌਲ ਪਲਾਜ਼ੇ ਹਨ, ਜਿਨ੍ਹਾਂ ’ਚੋਂ 23 ਕੌਮੀ ਸੜਕ ਮਾਰਗਾਂ ’ਤੇ ਪੈਂਦੇ ਹਨ।
ਅਕਤੂਬਰ 2020 ਤੋਂ ਇਨ੍ਹਾਂ ਟੌਲ ਪਲਾਜ਼ਿਆਂ ’ਤੇ ਕਿਸਾਨ ਧਿਰਾਂ ਦੇ ਧਰਨੇ ਚੱਲ ਰਹੇ ਹਨ। ਕੇਂਦਰੀ ਸੜਕ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਅਕਤੂਬਰ 2020 ਤੋਂ ਹੁਣ ਤਕ ਪੰਜਾਬ ਵਿਚ ਕੌਮੀ ਸੜਕ ਮਾਰਗਾਂ ’ਤੇ ਪੈਂਦੇ ਟੌਲ ਪਲਾਜ਼ੇ ਬੰਦ ਹੋਣ ਕਾਰਨ 1269.42 ਕਰੋੜ ਦੀ ਵਿੱਤੀ ਸੱਟ ਲੱਗੀ ਹੈ। ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਇਨ੍ਹਾਂ ਟੌਲ ਪਲਾਜ਼ਿਆਂ ’ਤੇ ਚੱਲਦੇ ਧਰਨਿਆਂ ਕਰਕੇ ਤਿੰਨੋਂ ਸੂਬਿਆਂ ਦੇ ਲੋਕਾਂ ਨੂੰ 2731.32 ਕਰੋੜ ਦੇ ਟੌਲ ਨਹੀਂ ਉਤਾਰਨੇ ਪਏ। ਇਸ ਲਿਹਾਜ਼ ਨਾਲ ਪੰਜਾਬੀ ਰੋਜ਼ਾਨਾ ਔਸਤਨ 3.50 ਕਰੋੜ ਰੁਪਏ ਟੌਲ ਟੈਕਸ ਵਜੋਂ ਉਤਾਰ ਰਹੇ ਸਨ। ਹੁਣ ਇਹ ਗੱਲ ਉੱਭਰਨ ਲੱਗੀ ਹੈ ਕਿ ਜੇ ਲੋਕ ਰੋਡ ਟੈਕਸ ਉਤਾਰ ਰਹੇ ਹਨ ਤਾਂ ਉਹ ਟੌਲ ਕਿਉਂ ਉਤਾਰਨ।
ਕੁਝ ਕਿਸਾਨ ਧਿਰਾਂ ਅਗਲੇ ਵਰ੍ਹੇ ਤੋਂ ‘ਟੌਲ ਮੁਕਤੀ’ ਲਈ ਅੰਦੋਲਨ ਸ਼ੁਰੂ ਕਰ ਸਕਦੀਆਂ ਹਨ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਪਹਿਲੀ ਅਪਰੈਲ ਤੋਂ 30 ਨਵੰਬਰ 2021 ਤਕ (ਅੱਠ ਮਹੀਨੇ) ਦੌਰਾਨ ਪੰਜਾਬ ਭਰ ’ਚੋਂ 852.97 ਕਰੋੜ ਰੁਪਏ ‘ਮੋਟਰ ਵਹੀਕਲ ਟੈਕਸ’ (ਰੋਡ ਟੈਕਸ) ਵਸੂਲਿਆ ਹੈ। ਜੇਕਰ ਟੌਲ ਟੈਕਸ ਅਤੇ ਰੋਡ ਟੈਕਸ ਦੋਵਾਂ ਨੂੰ ਮਿਲਾ ਕੇ ਦੇਖੀਏ ਤਾਂ ਇਹ ਰਾਸ਼ੀ ਰੋਜ਼ਾਨਾ ਦੀ ਔਸਤਨ ਕਰੀਬ ਸੱਤ ਕਰੋੜ ਰੁਪਏ ਬਣਦੀ ਹੈ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬੀਆਂ ਦੀ ਜੇਬ ’ਚੋਂ ਰੋਡ ਟੈਕਸ ਅਤੇ ਟੌਲ ਟੈਕਸ ਵਜੋਂ 2500 ਕਰੋੜ ਰੁਪਏ ਸਾਲਾਨਾ ਨਿਕਲ ਜਾਂਦੇ ਹਨ। ਲੋਕ ਨਿਰਮਾਣ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਗੁਰਵਿੰਦਰ ਸਿੰਘ ਲੁਧਿਆਣਾ ਅਨੁਸਾਰ ਕਈ ਸੜਕਾਂ ’ਤੇ ਟੌਲ ਵਸੂਲੀ ਦੀ ਮਿਆਦ ਵੀ ਖ਼ਤਮ ਹੋ ਚੁੱਕੀ ਹੈ ਪਰ ਵਸੂਲੀ ਫਿਰ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਹਰ ਟੌਲ ਪਲਾਜ਼ੇ ਦੇ ਬੋਰਡਾਂ ’ਤੇ ਵਸੂਲੀ ਦੀ ਮਿਆਦ ਵੀ ਦਰਜ ਹੋਣੀ ਚਾਹੀਦੀ ਹੈ।
‘ਟੌਲ ਮੁਕਤੀ’ ਲਈ ਲੜਨਾ ਪਵੇਗਾ: ਕੋਕਰੀ ਕਲਾਂ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਟੌਲ ਪਲਾਜ਼ੇ ਲੁੱਟ ਦਾ ਸਾਧਨ ਹਨ ਅਤੇ ਸਮੁੱਚੀ ਲੋਕਾਈ ਨੂੰ ‘ਟੌਲ ਮੁਕਤੀ’ ਲਈ ਲੜਾਈ ਲੜਨੀ ਪਵੇਗੀ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਸਰਕਾਰਾਂ ਲੁਕਵੇਂ ਰੂਪ ਵਿਚ ਲੋਕਾਂ ਨੂੰ ਦੋਹਰੀ ਮਾਰ ਪਾ ਰਹੀਆਂ ਹਨ, ਜਿਨ੍ਹਾਂ ਖ਼ਿਲਾਫ਼ ਮੈਦਾਨ ਵਿਚ ਕੁੱਦਣ ਤੋਂ ਬਿਨਾਂ ਕੋਈ ਚਾਰਾ ਨਹੀਂ।