ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਸਤੰਬਰ
ਕਸਟਮ ਵਿਭਾਗ ਨੇ ਦੁਬਈ ਤੋਂ ਆਈ ਉਡਾਣ ਰਾਹੀਂ ਇੱਥੇ ਆਏ ਯਾਤਰੂ ਕੋਲੋਂ 690 ਗ੍ਰਾਮ ਸੋਨਾ ਬਰਾਮਦ ਕੀਤਾ ਹੈ, ਜੋ ਉਸ ਨੇ ਦੋ ਕੈਪਸੂਲਾਂ ਦੇ ਰੂਪ ਵਿੱਚ ਆਪਣੀ ਗੁਦਾ ਵਿੱਚ ਲੁਕਾਇਆ ਹੋਇਆ ਸੀ।
ਮਿਲੇ ਵੇਰਵਿਆਂ ਮੁਤਾਬਕ ਸਪਾਈਸ ਜੈੱਟ ਹਵਾਈ ਕੰਪਨੀ ਦੀ ਇਹ ਉਡਾਣ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੀ ਸੀ। ਅੰਮ੍ਰਿਤਸਰ ਕਸਟਮ ਵਿਭਾਗ ਦੇ ਇੱਥੇ ਤਾਇਨਾਤ ਅਧਿਕਾਰੀਆਂ ਨੇ ਯਾਤਰੂ ਬਾਰੇ ਸ਼ੱਕ ਪੈਣ ’ਤੇ ਉਸ ਦੇ ਸਾਮਾਨ ਦੀ ਜਾਂਚ ਕੀਤੀ। ਪੜਤਾਲ ਦੌਰਾਨ ਉਸ ਨੇ ਮੰਨਿਆ ਕਿ ਸੋਨੇ ਦੀ ਪੇਸਟ ਦੇ ਰੂਪ ਵਿੱਚ ਉਸ ਨੇ ਦੋ ਕੈਪਸੂਲ ਆਪਣੀ ਗੁਦਾ ਵਿੱਚ ਲੁਕਾਏ ਹੋਏ ਹਨ। ਇਹ ਦੋਵੇਂ ਕੈਪਸੂਲਾਂ ਦਾ ਪੈਕਿੰਗ ਸਣੇ ਕੁਲ ਵਜ਼ਨ 755 ਗ੍ਰਾਮ ਸੀ। ਪੈਕਿੰਗ ਨੂੰ ਹਟਾਉਣ ਮਗਰੋਂ ਸੋਨੇ ਦਾ ਕੁੱਲ ਵਜ਼ਨ 690 ਗ੍ਰਾਮ ਸਾਹਮਣੇ ਆਇਆ ਹੈ। ਕਸਟਮ ਵਿਭਾਗ ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।