ਜੋਗਿੰਦਰ ਸਿੰਘ ਮਾਨ/ਸ਼ੰਗਾਰਾ ਸਿੰਘ ਅਕਲੀਆ
ਮਾਨਸਾ/ਜੋਗਾ, 30 ਜੂਨ
ਮੁੱਖ ਅੰਸ਼
- ਮਾਨਸਾ ਜ਼ਿਲ੍ਹੇ ਦੇ ਜੋਗਾ ਕਸਬੇ ਨੇੜੇ ਵਾਪਰਿਆ ਹਾਦਸਾ
- ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਾਲ ਸਬੰਧਤ ਹਨ ਮ੍ਰਿਤਕ
ਮਾਨਸਾ ਜ਼ਿਲ੍ਹੇ ਦੇ ਜੋਗਾ ਕਸਬਾ ਨੇੜੇ ਬੱਸ ਤੇ ਕਾਰ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਬੱਸ ਮਾਨਸਾ ਤੋਂ ਬਰਨਾਲਾ ਜਾ ਰਹੀ ਸੀ। ਬੱਸ ਬਾਦਲਾਂ ਦੀ ਮਲਕੀਅਤ ਵਾਲੀ ਦੱਸੀ ਜਾ ਰਹੀ ਹੈ। ਕਾਰ ਵਿੱਚ ਇਕ ਆਦਮੀ, 3 ਔਰਤਾਂ ਤੇ ਚਾਰ ਬੱਚੇ ਸਣੇ ਕੁੱਲ 8 ਵਿਅਕਤੀ ਸਵਾਰ ਸਨ। ਇੱਕ ਬੱਚੇ ਨੂੰ ਗੰਭੀਰ ਹਾਲਤ ਵਿੱਚ ਕਿਸੇ ਹੋਰ ਹਸਪਤਾਲ ਲਈ ਰ਼ੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਵਿਅਕਤੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਇੱਬਲ ਖੁਰਦ ਨਾਲ ਸਬੰਧਤ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮਾਨਸਾ ਦੇ ਡੀਐੱਸਪੀ ਗੁਰਮੀਤ ਸਿੰਘ ਬਰਾੜ ਅਤੇ ਐਸਐੱਚਓ ਥਾਣਾ ਜੋਗਾ ਅਜੈ ਕੁਮਾਰ ਪਰੋਚਾ ਮੌਕੇ ਉਤੇ ਪਹੁੰਚ ਗਏ ਹਨ ਤੇ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਬੱਸ ਬਰਨਾਲਾ ਤੋਂ ਮਾਨਸਾ ਵੱਲ ਜਾ ਰਹੀ ਸੀ ਤੇ ਕਾਰ ਮਾਨਸਾ ਤੋਂ ਬਰਨਾਲਾ ਵੱਲ ਆ ਰਹੀ। ਆਹਮੋ-ਸਾਹਮਣੇ ਹੋਈ ਟੱਕਰ ਵਿਚ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਕਾਰ ਸਵਾਰ ਵਿਅਕਤੀ ਪਿੰਡ ਹੀਰਕੇ ਦੇ ਮੇਲੇ ਤੋਂ ਆਪਣੇ ਪਿੰਡ ਪਰਤ ਰਹੇ ਸਨ। ਜ਼ਖ਼ਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਪੁਲੀਸ ਮੁਤਾਬਕ ਤਰਸੇਮ ਕੁਮਾਰ ਗੱਡੀ ਚਲਾ ਰਿਹਾ ਸੀ ਤੇ ਉਸ ਦੀ ਮੌਤ ਹੋ ਗਈ ਹੈ।
ਅੰਮ੍ਰਿਤਸਰ ਦੇ ਪਿੰਡ ਇੱਬਨ ਖੁਰਦ ਵਿਚ ਸੋਗ ਦਾ ਮਾਹੌਲ
ਅੰਮ੍ਰਿਤਸਰ: ਜ਼ਿਲ੍ਹੇ ਦੇ ਪਿੰਡ ਇੱਬਨ ਖੁਰਦ ਦੇ ਇਕ ਪਰਿਵਾਰ ਦੇ 3 ਜੀਆਂ ਦੀ ਮੌਤ ਨਾਲ ਇੱਥੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਸਾਰੇ ਹਰਿਆਣਾ ਦੇ ਸਿਰਸਾ ਦੇ ਪਿੰਡ ਹੀਰਕੇ ਵਿਖੇ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਵਾਸਤੇ ਗਏ ਸਨ ਅਤੇ ਅੱਜ ਕਾਰ ਰਾਹੀਂ ਵਾਪਸ ਪਰਤ ਰਹੇ ਸਨ। ਮ੍ਰਿਤਕਾਂ ਵਿਚ ਪਿੰਡ ਇੱਬਨ ਖੁਰਦ ਦੀ ਮਨਦੀਪ ਕੌਰ, ਉਸ ਦੀ 9 ਸਾਲਾ ਦੀ ਬੱਚੀ ਖੁਸ਼ੀ ਅਤੇ 8 ਸਾਲਾ ਦਾ ਬੇਟਾ ਹਨੀ ਸ਼ਾਮਲ ਹਨ ਜਦਕਿ ਇਕ ਹੋਰ ਬੱਚਾ ਤੀਰਥ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਹ ਪਰਿਵਾਰ ਬਾਜ਼ੀਗਰ ਭਾਈਚਾਰੇ ਨਾਲ ਸਬੰਧਤ ਹੈ। ਹਾਦਸੇ ਵਿਚ ਮਾਰੇ ਗਏ ਬਾਕੀ ਵਿਅਕਤੀ ਵੀ ਇਨ੍ਹਾਂ ਦੇ ਰਿਸ਼ਤੇਦਾਰ ਹਨ ਅਤੇ ਉਹ ਪਠਾਨਕੋਟ ਨੇੜੇ ਪਿੰਡ ਮੋਦਲੀ ਦੇ ਵਾਸੀ ਹਨ। -ਟਨਸ