ਖੇਤਰੀ ਪ੍ਰਤੀਨਿਧ
ਪਟਿਆਲਾ, 20 ਸਤੰਬਰ
ਇੱਥੇ ਲਾਹੌਰੀ ਗੇਟ ਖੇਤਰ ਵਿੱਚ ਸਥਿਤ ‘ਸਾਹਨੀ ਬੇਕਰੀ’ ਦੇ ਮਾਲਕ ਇੰਦਰਜੀਤ ਸਿੰਘ ਸਾਹਨੀ ਦੀ ਬਾਜ਼ਾਰ ਵਿਚ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਅਣਪਛਾਤੇ ਲੁਟੇਰੇ ਛੇ ਲੱਖ ਵੀਹ ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਇਹ ਘਟਨਾ ਦਿਨ-ਦਿਹਾੜੇ ਵਾਪਰੀ ਹੈ। ਸ਼ਿਕਾਇਤ ਮਿਲਦਿਆਂ ਹੀ ਪੁਲੀਸ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਦੇਰ ਸ਼ਾਮ ਤੱਕ ਕੋਈ ਵੀ ਸੁਰਾਗ ਨਹੀਂ ਸੀ ਲੱਗ ਸਕਿਆ। ਦਿਨ ਭਰ ਇਸ ਚੋਰੀ ਦੀ ਘਟਨਾ ਸਬੰਧੀ ਹਥਿਆਰਾਂ ਨਾਲ ਕੀਤੀ ਲੁੱਟ ਦੀਆਂ ਅਫ਼ਵਾਹਾਂ ਚਲਦੀਆਂ ਰਹੀਆਂ।
ਜ਼ਿਕਰਯੋਗ ਹੈ ਕਿ ਲਾਹੌਰੀ ਗੇਟ ਸਥਿਤ ਸਾਹਨੀ ਬੇਕਰੀ ਦੇ ਪ੍ਰਬੰਧਕ ਇੰਦਰਜੀਤ ਸਿੰਘ ਸਾਹਨੀ ਦੁਕਾਨ ’ਤੇ ਗੇੜਾ ਮਾਰਨ ਗਏ ਤਾਂ ਦੁਕਾਨ ਵਾਲ਼ੀ ਥਾਂ ’ਤੇ ਭੀੜ ਹੋਣ ਕਰ ਕੇ ਉਨ੍ਹਾਂ ਨੇ ਆਪਣੀ ਕਾਰ ਟੀਬੀ ਹਸਪਤਾਲ ਦੇ ਨਾਲ ਜਾਂਦੀ ਸੜਕ ’ਤੇ ਖੜ੍ਹੀ ਕਰ ਦਿੱਤੀ। ਕੁਝ ਦੇਰ ਬਾਅਦ ਜਦੋਂ ਉਹ ਕਾਰ ਕੋਲ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਪਿਛਲੀ ਸੀਟ ’ਤੇ ਰੱਖਿਆ ਪੈਸਿਆਂ ਵਾਲ਼ਾ ਬੈਗ ਗਾਇਬ ਸੀ। ਇਸ ਸਬੰਧੀ ਪਤਾ ਲੱਗਣ ’ਤੇ ਪਰਿਵਾਰ ਸਣੇ ਵੱਡੀ ਗਿਣਤੀ ’ਚ ਭੀੜ ਜੁੜ ਗਈ।
ਇਤਲਾਹ ਮਿਲਣ ’ਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਰਾਜੇਸ਼ ਮਲਹੋਤਰਾ ਪੁਲੀਸ ਪਾਰਟੀ ਸਣੇ ਪਹੁੰਚ ਗਏ। ਪੁਲੀਸ ਦੇ ਫੋਰੈਂਸਿਕ ਵਿੰਗ ਦੀ ਟੀਮ ਨੇ ਕੱਚ ਦੇ ਟੁਕੜਿਆਂ ਸਣੇ ਕਾਰ ਦੀ ਤਾਕੀ ਅਤੇ ਅੰਦਰਲੀ ਸੀਟ ਆਦਿ ਤੋਂ ਚੋਰਾਂ ਦੇ ਹੱਥਾਂ ਦੇ ਨਿਸ਼ਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਐਸਪੀ ਸਿਟੀ ਵਜ਼ੀਰ ਸਿੰਘ ਖਹਿਰਾ ਨੇ ਕਿਹਾ ਕਿ ਇਸ ਸਬੰਧੀ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।