ਪੱਤਰ ਪ੍ਰੇਰਕ
ਬਠਿੰਡਾ, 18 ਮਈ
ਡਿਪਟੀ ਕਮਿਸ਼ਨਰ ਬੀ.ਸ਼੍ਰੀਨਿਵਾਸਨ ਦੱਸਿਆ ਕਿ ਜ਼ਿਲ੍ਹੇ ’ਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਨਾਲ 34 ਵਿਅਕਤੀਆਂ ਦੀ ਮੌਤ ਹੋ ਗਈ ਅਤੇ 754 ਨਵੇਂ ਕੇਸ ਆਏ। ਇੰਜ ਹੀ 834 ਕਰੋਨਾ ਪ੍ਰਭਾਵਿਤ ਮਰੀਜ਼ ਠੀਕ ਹੋਣ ਉਪਰੰਤ ਆਪਣੇ-ਘਰ ਪਰਤ ਗਏ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਕੋਵਿਡ-19 ਤਹਿਤ ਕੁਲ 279836 ਸੈਂਪਲ ਲਏ ਗਏ। ਇਨ੍ਹਾਂ ਵਿੱਚੋਂ 33949 ਪਾਜ਼ੇਟਿਵ ਕੇਸ ਆਏ, ਇਨ੍ਹਾਂ ਵਿੱਚੋਂ 26685 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਪਰਤ ਗਏ। ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 6569 ਕੇਸ ਐਕਟਿਵ ਹਨ ਤੇ ਹੁਣ ਤੱਕ ਕਰੋਨਾ ਪ੍ਰਭਾਵਿਤ 695 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮੁਕਤਸਰ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਕੇ 19 ਜਣਿਆਂ ਨੇ ਦਮ ਤੋੜ ਦਿੱਤਾ ਜਦਕਿ 461 ਨਵੇਂ ਕਰੋਨਾ ਪਾਜ਼ਿਟਵ ਕੇਸ ਆਏ ਹਨ। ਮਰਨ ਵਾਲਿਆਂ ਵਿੱਚ 4-4 ਮੁਕਤਸਰ ਤੇ ਮਲੋਟ, 3 ਰੁਪਾਣਾ, ਜਦੋਂਕਿ 1-1 ਡੋਡਾਂਵਾਲੀ, ਜੱਸੇਆਣਾ, ਕੱਖਾਂਵਾਲੀ, ਮਾਨ, ਲਾਲਬਾਈ, ਮੱਲ-ਕਟੋਰਾ, ਧੂਰਕੋਟ ਤੇ ਚੜੇਵਾਨ ਦੇ ਰਹਿਣ ਵਾਲੇ ਸੀ।
ਮਾਨਸਾ (ਪੱਤਰ ਪ੍ਰੇੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਕਾਰਨ ਛੇ ਜਣੇ ਜ਼ਿੰਦਗੀ ਦੀ ਜੰਗ ਹਾਰ ਗਏ ਹਨ। ਮਾਨਸਾ ਦੇ ਸਿਵਲ ਹਸਪਤਾਲ ਵਿੱਚ ਕਰੋਨਾ ਮਰੀਜ਼ਾਂ ਦੀ ਸਥਿਤੀ ਗੰਭੀਰ ਹੈ ਅਤੇ ਇੱਥੋਂ ਬਾਹਰਲੇ ਹਸਪਤਾਲਾਂ ਨੂੰ ਰੈਫ਼ਰ ਕਰਨ ਦੀਆਂ ਫਾਈਲਾਂ ਤਿਆਰ ਹੋਣ ਲੱਗੀਆਂ ਹਨ। ਦੂਜੇ ਪਾਸੇ ਹਸਪਤਾਲ ਵਿੱਚ ਦਾਖਲ ਕਰੋਨਾ ਮਰੀਜ਼ਾਂ ਦੇ ਵਾਰਿਸਾਂ ਨੂੰ ਮਿਲਣ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸੇ ਦੌਰਾਨ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕੁੱਲ 11820 ਕਰੋਨਾ ਪਾਜ਼ੇਟਿਵ ਕੇਸ ਪਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 8785 ਵਿਅਕਤੀ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ।
ਸਿਰਸਾ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਦਸ ਜਣਿਆਂ ਦੀ ਮੌਤ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਦਸ ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ ਜਦੋਂਕਿ ਕਰੋਨਾ ਲਾਗ ਦੇ 691 ਨਵੇਂ ਮਾਮਲੇ ਆਏ ਹਨ। ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਦੇ 4453 ਸਰਗਰਮ ਮਾਮਲੇ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨੀਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਕਰੋਨਾ ਲਾਗ ਦੇ 691 ਨਵੇਂ ਮਾਮਲੇ ਆਏ ਹਨ ਜਦੋਂਕਿ 704 ਵਿਅਕਤੀ ਕਰੋਨਾ ਤੋਂ ਸਿਹਤਯਾਬ ਵੀ ਹੋਏ ਹਨ।
ਕਾਲੀ ਫੰਗਸ ਨੇ ਲਈ ਦੋ ਵਿਅਕਤੀਆਂ ਦੀ ਜਾਨ
ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹੇ ਵਿੱਚ ਕਾਲੀ ਫੰਗਸ ਨਾਲ ਪੀੜਤ ਸੱਤ ਮਹੀਜ਼ ਮਿਲੇ ਹਨ ਜਿਨ੍ਹਾਂ ਵਿੱਚੋਂ ਦੋ ਜਣਿਆਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਬਰੂਵਾਲੀ ਫਸਟ ’ਚ ਇਕ ਵਿਅਕਤੀ ਦੀ ਕਾਲੀ ਫੰਗਸ ਨਾਲ ਮੌਤ ਹੋਈ ਹੈ ਜਦੋਂਕਿ ਪਿੰਡ ਚਾਹਰਵਾਲਾ ਵਿੱਚ ਮਹਿਲਾ ਦੀ ਵੀ ਮੌਤ ਕਾਲੀ ਫੰਗਸ ਨਾਲ ਹੋਣ ਦੀ ਪੁਸ਼ਟੀ ਹੋਈ ਹੈ। ਇੱਥੋਂ ਦੇ ਬਾਲਾ ਜੀ ਈਐਨਟੀ ਹਸਪਤਾਲ ਦੇ ਸੰਚਾਲਕ ਡਾ. ਸੰਦੀਪ ਮੁੰਜਾਲ ਨੇ ਦੱਸਿਆ ਕਿ ਬਲੈਕ ਫੰਗਸ ਨੂੰ ਲੈ ਕੇ ਮਰੀਜ਼ ਜਾਂਚ ਲਈ ਆ ਰਹੇ ਹਨ। ਹਰ ਰੋਜ਼ 30-40 ਵਿਅਕਤੀ ਕਾਲੀ ਫੰਗਸ ਦੀ ਜਾਂਚ ਲਈ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਲੀ ਫੰਗਸ ਇੰਫੈਕਸ਼ਨ ਸ਼ੂਗਰ ਤੇ ਲੰਮੇ ਸਮੇਂ ਤੋਂ ਕਰੋਨਾ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਖਤਰਨਾਕ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਬੀਮਾਰੀ ਕਾਰਨ ਇਕ ਮਰੀਜ਼ ਦਾ ਜੁਬਾੜਾ ਕੱਢਣਾ ਪਿਆ ਹੈ ਤੇ ਇਕ ਦੀ ਅੱਖ ਕੱਢੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼ੁਰੂਆਤੀ ਦੌਰ ’ਚ ਹੀ ਕਾਲੀ ਫੰਗਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ।