ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਜੁਲਾਈ
ਧਰਮਕੋਟ ’ਚ ਅੱਜ ਨਕਾਬਪੋਸ਼ਾਂ ਨੇ ਕੰਪਨੀ ਦੇ ਮੁਲਾਜ਼ਮ ਕੋਲੋਂ 57 ਹਜ਼ਾਰ ਰੁਪਏ ਲੁੱਟ ਲਏ। ਇਸ ਖੇਤਰ ’ਚ 8 ਦਿਨਾਂ ਅੰਦਰ ਇਹ ਚੌਥੀ ਵਾਰਦਾਤ ਹੈ।
ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਦਾਅਵਾ ਕੀਤਾ ਕਿ ਲੁਟੇਰਿਆਂ ਦਾ ਸੁਰਾਗ ਲਗਾ ਲਿਆ ਗਿਆ ਹੈ। ਭਾਰਤ ਫਾਇਨਾਸ਼ੀਅਲ ਕੰਪਨੀ ਦਾ ਕਰਿੰਦਾ ਮਨਪ੍ਰੀਤ ਸਿੰਘ ਪਿੰਡ ਰਾਇਆ ਥਾਣਾ ਫੂਲ ਜ਼ਿਲ੍ਹਾ ਬਠਿੰਡਾ ਤੋਂ ਮੋਟਰ ਸਾਈਕਲ ਉੱਤੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡਾਂ ਵਿੱਚੋਂ ਕਰਜ਼ੇ ਦੀ ਉਗਰਾਹੀ ਕਰ ਰਿਹਾ ਸੀ। ਉਹ ਉਗਰਾਹੀ ਦੀ ਰਕਮ ਕਰੀਬ 57 ਹਜ਼ਾਰ ਨਾਲ ਪਿੰਡ ਨਿਹਾਲਗੜ੍ਹ ਵੱਲ ਜਾ ਰਿਹਾ ਸੀ। ਇਸ ਦੌਰਾਨ ਕੋਲ ਮੋਟਰਸਾਈਕਲ ਉੱਤੇ ਸਵਾਰ ਤਿੰਨ ਨਕਾਬਪੋਸ਼ਾਂ ਨੇ ਉਸ ਕੋਲੋਂ ਨਗਦੀ ਵਾਲਾ ਬੈਗ ਖੋਹ ਲਿਆ ਤੇ ਫ਼ਰਾਰ ਹੋ ਗਏ।