ਸੰਜੀਵ ਹਾਂਡਾ
ਫ਼ਿਰੋਜ਼ਪੁਰ, 11 ਅਗਸਤ
ਅੱਠ ਦਿਨ ਪਹਿਲਾਂ ਸਿਰਫ਼ 20 ਗ੍ਰਾਮ ਹੈਰੋਇਨ ਸਮੇਤ ਫੜੇ ਗਏ ਇੱਕ ਨਸ਼ਾ ਤਸਕਰ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਅੱਜ ਕੌਮਾਂਤਰੀ ਸਰਹੱਦ ਨੇੜਿਉਂ ਦਸ ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਜਗਦੀਸ਼ ਸਿੰਘ ਉਰਫ਼ ਕਾਲੀ ਵਾਸੀ ਪਿੰਡ ਗੱਟੀ ਰਾਜੋਕੇ ਵਜੋਂ ਹੋਈ ਹੈ।
ਐੱਸਐੱਸਪੀ ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਤਸਕਰ ਕਾਲੀ ਨੂੰ ਸਥਾਨਕ ਪੁਲੀਸ ਨੇ 3 ਅਗਸਤ ਨੂੰ ਨਾਕਾਬੰਦੀ ਦੌਰਾਨ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਪਾਕਿਸਤਾਨ ਵਿੱਚ ਬੈਠੇ ਨਸ਼ਾ ਤਸਕਰਾਂ ਨਾਲ ਉਸ ਦੇ ਗੂੜ੍ਹੇ ਸਬੰਧ ਹਨ। ਪੁਲੀਸ ਨੇ ਕਾਲੀ ਦੀ ਨਿਸ਼ਾਨਦੇਹੀ ’ਤੇ ਸਰਹੱਦ ਕੋਲੋਂ 600 ਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਸੀ ਤੇ ਉਸ ਨੂੰ ਦੁਬਾਰਾ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਮਗਰੋਂ ਉਸ ਦੀ ਨਿਸ਼ਾਨਦੇਹੀ ’ਤੇ ਅੱਜ ਭਾਰਤ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਕੋਲ ਲੁਕਾ ਕੇ ਰੱਖੀ ਦਸ ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ ਲਗਪਗ 53 ਕਰੋੜ 10 ਲੱਖ ਰੁਪਏ ਬਣਦੀ ਹੈ।
ਅੱਧਾ ਕਿਲੋ ਹੈਰੋਇਨ ਸਣੇ ਤਿੰਨ ਕਾਬੂ
ਫ਼ਿਰੋਜ਼ਪੁਰ: ਅੱਧਾ ਕਿਲੋ ਹੈਰੋਇਨ ਦੀ ਬਰਾਮਦਗੀ ਦੇ ਇੱਕ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਮਾਂ-ਪੁੱਤ ਸਮੇਤ ਪੰਜ ਮੁਲਜ਼ਮਾਂ ਖ਼ਿਲਾਫ਼ ਥਾਣਾ ਕੁਲਗੜ੍ਹੀ ’ਚ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਹੈਰੋਇਨ ਸਣੇ ਕਾਬੂ ਕੀਤਾ ਹੈ, ਜੋ ਪੈਸੇ ਲੈ ਕੇ ਨਸ਼ੇ ਦੀ ਖੇਪ ਟਿਕਾਣੇ ਲਾਉਣ ਦਾ ਕੰਮ ਕਰਦੇ ਸਨ। ਮੁਲਜ਼ਮਾਂ ਦੀ ਪਛਾਣ ਸ਼ਿੰਦਰਪਾਲ ਉਰਫ਼ ਮੋਨੂੰ ਵਾਸੀ ਏਕਤਾ ਨਗਰ ਅਲੀ ਕੇ ਰੋਡ ਫ਼ਿਰੋਜ਼ਪੁਰ ਸ਼ਹਿਰ, ਸੰਦੀਪ ਕੁਮਾਰ ਉਰਫ਼ ਗੋਲਡੀ ਵਾਸੀ ਪਟੇਲ ਨਗਰ ਅਤੇ ਵਿਲਸਨ ਵਾਸੀ ਨਵਾਂ ਪੁਰਬਾ ਵਜੋਂ ਹੋਈ ਹੈ।