ਡਾ. ਹਿਮਾਸ਼ੂ ਸੂਦ
ਮੰਡੀ ਗੋਬਿੰਦਗੜ੍ਹ, 31 ਦਸੰਬਰ
ਦੁਨੀਆਂ ਭਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ 52 ਖਿਡਾਰੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣੇ ਮੈਡਲ ਵਾਪਸ ਕਰਨ ਲਈ ਪਹਿਲਵਾਨ ਕਰਤਾਰ ਸਿੰਘ ਦੀ ਅਗਵਾਈ ਹੇਠ ਮੁੜ ਦਿੱਲੀ ਲਈ ਰਵਾਨਾ ਹੋਏ। ਇਨ੍ਹਾਂ ਵਿੱਚੋਂ ਕਰੀਬ ਅੱਧੀ ਦਰਜਨ ਖਿਡਾਰੀਆਂ ਦਾ ਇੱਥੇ ਵਿਕਾਸ ਨਗਰ ਵਿੱਚ ਸਾਬਕਾ ਕੌਂਸਲਰ ਰਾਹੁਲ ਸੋਫ਼ਤ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਖਿਡਾਰੀਆਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂੰਜੀਪਤੀ ਘਰਾਣਿਆਂ ਨੂੰ ਖੁਸ਼ ਕਰਨ ਲਈ ਸਮੁੱਚੇ ਦੇਸ਼ ਦੇ 90 ਫ਼ੀਸਦੀ ਲੋਕਾਂ ਦਾ ਗਲਾ ਘੁੱਟਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਸੂਬਿਆਂ ’ਚੋਂ ਸੈਂਕੜੇ ਖਿਡਾਰੀ ਆਪਣੇ ਐਵਾਰਡ ਵਾਪਸ ਕਰਨ ਲਈ ਕਈ ਵਾਰ ਰਾਸ਼ਟਰਪਤੀ ਤੋਂ ਸਮੇਂ ਦੀ ਮੰਗ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸਨਮਾਨ ਤੇ ਐਵਾਰਡ ਵਾਪਸ ਕਰਨ ਵਾਲੇ ਪੰਜਾਬ ’ਚ ਇਸ ਵੇਲੇ 52 ਖਿਡਾਰੀ ਹਨ ਅਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਹਿਲਵਾਨ ਕਰਤਾਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਸਿੰਘੂ ਬਾਰਡਰ ’ਤੇ ਬੈਠੇ ਕਿਸਾਨਾਂ ਅਤੇ ਨੌਜਵਾਨਾਂ ਲਈ 3 ਹਜ਼ਾਰ ਕਿਤਾਬਾਂ ਵੀ ਲੈ ਕੇ ਜਾ ਰਹੇ ਹਨ ਕਿਉਂਕਿ ਕਿਸਾਨ ਅੰਦੋਲਨ ਅੱਜ ਇਸ ਮੁਕਾਮ ’ਤੇ ਪਹੁੰਚ ਚੁੱਕਿਆ, ਜਿੱਥੇ ਨੌਜਵਾਨਾਂ ਵਿੱਚ ਜੰਗੀ ਇਤਿਹਾਸ ਅਤੇ ਸ਼ਹੀਦੀ ਸਾਕਿਆਂ ਦੇ ਇਤਿਹਾਸ ਦਾ ਗਿਆਨ ਹੋਣਾ ਬੇਹੱਦ ਜ਼ਰੂਰੀ ਹੈ। ਰਾਸ਼ਟਰਪਤੀ ਨੂੰ ਐਵਾਰਡ ਵਾਪਸ ਕਰਨ ਜਾਣ ਵਾਲੇ ਮੌਜੂਦ 7 ਖਿਡਾਰੀਆਂ ’ਚ ਪ੍ਰੇਮ ਚੰਦ ਢੀਂਗਰਾ ਪਦਮ ਸ੍ਰੀ, ਜੈਪਾਲ ਸਿੰਘ ਅਤੇ ਬਲਵਿੰਦਰ ਸਿੰਘ ਅਰਜਨ ਐਵਾਰਡ, ਗੁਰਬਖਸ਼ ਸਿੰਘ ਸੰਧੂ (ਰਿਟਾ ਏਆਈਜੀ) ਦਰੋਣਾਚਾਰੀਆ ਐਵਾਰਡ ਅਤੇ ਦਵਿੰਦਰ ਸਿੰਘ (ਰਿਟਾ ਏਆਈਜੀ) ਪ੍ਰੈਜ਼ੀਡੈਂਟ ਪੁਲੀਸ ਮੈਡਲ ਸ਼ਾਮਲ ਸਨ।