ਨਵੀਂ ਦਿੱਲੀ, 10 ਅਕਤੂਬਰ
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ 5 ਭਾਜਪਾ ਆਗੂਆਂ ਦੀ ਸੁਰੱਖਿਆ ਵਧਾ ਕੇ ਵਾਈ ਸ਼੍ਰੇਣੀ ਦੀ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਅਜਿਹਾ ਆਈਬੀ ਦੀ ਰਿਪੋਰਟ ਬਾਅਦ ਕੀਤਾ ਗਿਆ ਹੈ। ਇਹ ਆਗੂ ਹਾਲ ਹੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਸਨ। ਸੂਤਰਾਂ ਨੇ ਦੱਸਿਆ, ‘‘ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਸਾਬਕਾ ਵਿਧਾਇਕ ਹਰਚੰਦ ਕੌਰ, ਸਾਬਕਾ ਵਿਧਾਇਕ ਪ੍ਰੇਮ ਮਿੱਤਲ ਅਤੇ ਕਮਲਦੀਪ ਸੈਣੀ ਦੀ ਸੁਰੱਖਿਆ ਵਧਾਈ ਜਾਵੇਗੀ ਅਤੇ ਉਨ੍ਹਾਂ ਨੂੰ ਵਾਈ ਸ਼੍ਰੇਣੀ ਅਧੀਨ ਸੀਆਰਪੀਐਫ ਦੀ ਸੁਰੱਖਿਆ ਦਿੱਤੀ ਜਾਵੇਗੀ। ਅਜਿਹਾ ਇੰਟੇੈਲੀਜੈਂਸ ਬਿਊਰੋ ਦੀ ਰਿਪੋਰਟ ਬਾਅਦ ਕੀਤਾ ਗਿਆ ਹੈ ਜਿਸ ਵਿੱਚ ਇਨ੍ਹਾਂ ਆਗੂਆਂ ਨੂੰ ਖਤਰਾ ਹੋਣ ਦੀ ਗੱਲ ਕਹੀ ਗਈ ਹੈ। -ਆਈਏਐਨਐਸ