ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 12 ਜੂਨ
ਇੱਥੇ ਅੱਜ ਸਵੇਰੇ ਜੀਐੱਸਟੀ ਵਿਭਾਗ ਦੀ ਟੀਮ ਨੇ ਵੱਖ-ਵੱਖ ਥਾਵਾਂ ’ਤੇ ਚੈਕਿੰਗ ਕਰ ਕੇ 45 ਕਰੋੜ ਰੁਪਏ ਦੀ ਜੀਐੱਸਟੀ ਚੋਰੀ ਦਾ ਪਰਦਾਫਾਸ਼ ਕਰ ਕੇ 3 ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਅਮਲੋਹ ਦੀ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਕੋਲੋਂ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਹ ਚੈਕਿੰਗ ਐਡੀਸ਼ਨਲ ਕਮਿਸ਼ਨਰ (ਜਾਂਚ) ਸ਼ੌਕਤ ਅਹਿਮਦ ਤੇ ਡਿਪਟੀ ਕਰ ਤੇ ਆਬਕਾਰੀ ਕਮਿਸ਼ਨਰ ਲੁਧਿਆਣਾ ਡਿਵੀਜ਼ਨ ਪਵਨ ਗਰਗ ਦੀ ਅਗਵਾਈ ਹੇਠ ਕੀਤੀ ਗਈ। ਕੁੱਲ ਤਿੰਨ ਟੀਮਾਂ ਵਲੋਂ ਅਮਲੋਹ ਤੇ ਮੰਡੀ ਗੋਬਿੰਦਗੜ੍ਹ ਵਿਚ ਚਾਰ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਗਏ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੰਗਾ ਰਾਮ ਤੇ ਉਸ ਦੇ ਦੋ ਪੁੱਤਰ ਅਮਿਤ ਕੁਮਾਰ ਅਤੇ ਵਿਸ਼ੇਸ ਕੁਮਾਰ ਵਾਸੀ ਅਮਲੋਹ ਵਜੋਂ ਹੋਈ ਹੈ। ਪਵਨ ਗਰਗ ਦੱਸਿਆ ਕਿ ਮੁਲਜ਼ਮਾਂ ਵੱਲੋਂ 10 ਦੇ ਕਰੀਬ ਕਥਿਤ ਬੋਗਸ ਫਰਮਾਂ ਰਾਹੀਂ 350 ਕਰੋੜ ਰੁਪਏ ਦਾ ਕਥਿਤ ਬੋਗਸ ਲੈਣ-ਦੇਣ ਕਰ ਕੇ ਸਰਕਾਰ ਨੂੰ 45 ਕਰੋੜ ਦਾ ਨੁਕਸਾਨ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਮਾਂ ਰਾਹੀਂ 70 ਕਰੋੜ ਰੁਪਏ ਦੀ ਰਕਮ ਕਢਵਾਈ ਗਈ ਹੈ।
ਸ੍ਰੀ ਗਰਗ ਨੇ ਦੱਸਿਆ ਕਿ ਅੱਜ ਸਵੇਰੇ ਇਸ ਫਰਜ਼ੀ ਕਾਰੋਬਾਰ ਨਾਲ ਜੁੜੇ ਪੰਜ ਜਣਿਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਇਸ ਦੌਰਾਨ ਤਿੰਨ ਜਣੇ ਕਾਬੂ ਕਰ ਲਏ ਗਏ ਜਦੋਂਕਿ ਦੋ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਗੰਗਾ ਰਾਮ ਨੇ ਆਪਣੀ ਪਤਨੀ ਦੇ ਨਾਂ ’ਤੇ ਵੀ ਇੱਕ ਫ਼ਰਜ਼ੀ ਫਰਮ ਬਣਾਈ ਹੋਈ ਸੀ, ਜਿਸ ਦੀ ਬਿਲਿੰਗ ਦੋ ਕਰੋੜ ਤੋਂ ਘੱਟ ਹੈ। ਸ੍ਰੀ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।