ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਜੂਨ
ਇਥੇ ਮੱਛੀ ਮਾਰਕੀਟ ਉਜਾੜੇ ਖਿਲਾਫ਼ ਸ਼ਾਂਤਮਈ ਧਰਨੇ ’ਤੇ ਬੈਠੇ ਜਨਤਕ ਜਥੇਬੰਦੀ ਦੇ ਆਗੂਆਂ ਅਤੇ ਮੱਛੀ ਮਾਰਕੀਟ ਬਚਾਓ ਕਮੇਟੀ ਮੈਂਬਰਾਂ ਸਣੇ 44 ਧਰਨਾਕਾਰੀਆਂ ਨੂੰ ਪੁਲੀਸ ਨੇ ਕਰੋਨਾ ਮਹਾਮਾਰੀ ਉੁਲੰਘਣਾ ਕਰਨ ਵਾਲਿਆਂ ਲਈ ਸਥਾਪਤ ਅਸਥਾਈ ਜੇਲ੍ਹ ਵਿਚ ਡੱਕ ਦਿੱਤਾ ਹੈ। ਇਸ ਮੌਕੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਮਾਣੂੰਕੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਹਰਜੋਤ ਕਮਲ ਦੇ ਮੱਛੀ ਮਾਰਕੀਟ ਦਾ ਉਜਾੜਾ ਕਰਨ ਨਾਲ ਸੈਂਕੜੇ ਮੱਛੀ ਪਾਲਕ ਕਿਸਾਨਾਂ, ਪਰਵਾਸੀ ਕਾਮਿਆਂ ਤੋਂ ਰੁਜ਼ਗਾਰ ਖੁਸ ਗਿਆ ਹੈ ਜਿਸ ਖਿਲਾਫ਼ ਜਨਤਕ ਜਥੇਬੰਦੀਆਂ ਵੱਲੋਂ 19 ਦਿਨਾਂ ਤੋਂ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ। ਉਨ੍ਹਾਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੁਜ਼ਾਹਰਾ ਕਰਨਾ ਸੀ ਪਰ ਪੁਲੀਸ ਨੇ ਧਰਨਾਕਾਰੀਆਂ ਤੇ ਆਗੂਆਂ ਨੂੰ ਜਬਰੀ ਚੁੱਕ ਕੇ ਅਸਥਾਈ ਜੇਲ੍ਹ ਬਹੁ-ਮੰਤਵੀ ਖੇਡ ਸਟੇਡੀਅਮ ’ਚ ਡੱਕ ਦਿੱਤਾ। ਉਨ੍ਹਾਂ ਪਹਿਲਾਂ ਪੁਲੀਸ ਪ੍ਰਸ਼ਾਸਨ ਤੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਮੱਛੀ ਮਾਰਕੀਟ ਪਹਿਲਾਂ ਵਾਲੀ ਥਾਂ ’ਤੇ ਨਿਰੰਤਰ ਚਲਦੀ ਰੱਖਣ, ਲੌਕਡਾਊਨ ਦੌਰਾਨ ਮੱਛੀ ਮਾਰਕੀਟ ਉਜਾੜਨ ਵਾਲੇ ਇੰਪਰੂਵਮੈਂਟ ਟਰੱਸਟ ਦੇ ਈ.ਓ. ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਾਉਣ, ਰੁਜ਼ਗਾਰ ਜਾਣ ਕਰਕੇ ਮੱਛੀ ਪਾਲਕਾਂ ਦਾ ਛੱਪੜਾਂ ’ਚ ਇੱਕ ਸਾਲ ਦਾ ਠੇਕਾ ਮੁਆਫ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਵਿਧਾਇਕ ’ਤੇ ਮੱਛੀ ਮਾਰਕੀਟ ਵਾਲੀ ਜਗ੍ਹਾ ’ਤੇ ਕਬਜ਼ਾ ਕਰਕੇ ਗਰੀਬਾਂ ਦਾ ਉਜਾੜਾ ਕਰਨ ਦਾ ਦੋਸ਼ ਲਾਇਆ।
ਹੋਰ ਥਾਂ ਦੁਕਾਨਾਂ ਲੈਣ ਤੋਂ ਇਨਕਾਰ ਕੀਤਾ: ਵਿਧਾਇਕ
ਵਿਧਾਇਕ ਡਾ.ਹਰਜੋਤ ਕਮਲ ਨੇ ਕਿਹਾ ਕਿ ਉਨ੍ਹਾਂ ਨੂੰ ਮੱਛੀ ਕਿੱਤੇ ਨਾਲ ਜੁੜੇ ਲੋਕਾਂ ਨਾਲ ਹਮਦਰਦੀ ਹੈ ਪਰ ਨਗਰ ਸੁਧਾਰ ਟਰਸਟ ਦੀ ਜ਼ਮੀਨ ’ਤੇ ਨਾਜਾਇਜ਼ ਮੱਛੀ ਮਾਰਕੀਟ ਨਾਲ ਸ਼ਰਾਬ ਪੀਣ, ਬੱਕਰੇ ਹਲਾਲ ਕਰਨ ਤੇ ਮੁਰਗੇ ਵੱਢਣ ਦਾ ਕੰਮ ਹੁੰਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਲੋਕਾਂ ਨੂੰ ਹੋਰ ਥਾਂ ਤਬਦੀਲ ਹੋਣ ਲਈ ਕਈ ਵਾਰ ਸਮਾਂ ਦਿੱਤਾ ਪਰ ਉਨ੍ਹਾਂ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਤੇ ਨਗਰ ਸੁਧਾਰ ਟਰਸਟ ਨੇ ਆਪਣੀ ਜਗ੍ਹਾ ਖਾਲੀ ਕਰਵਾਈ ਹੈ।