ਜੋਗਿੰਦਰ ਸਿੰਘ ਮਾਨ
ਮਾਨਸਾ, 1 ਮਈ
ਪੰਜਾਬ ਦੇ ਬਿਜਲੀਘਰਾਂ ਤੋਂ ਅੱਜ ਲਗਭਗ 4,327 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਜਦੋਂ ਕਿ ਬਾਕੀ ਲੋੜੀਂਦੀ ਬਿਜਲੀ ਬਾਹਰਲੇ ਸੂਬਿਆਂ ਤੋਂ ਹਾਸਲ ਕੀਤੀ ਜਾ ਰਹੀ ਹੈ। ਰਾਜ ਵਿੱਚ ਸਰਕਾਰੀ ਖੇਤਰ ਹੇਠ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵੱਲੋਂ 1,343 ਮੈਗਾਵਾਟ ਤੇ ਪ੍ਰਾਈਵੇਟ ਖੇਤਰ ਵਾਲੇ ਤਲਵੰਡੀ ਸਾਬੋ ਪਾਵਰ ਲਿਮਿਟਡ ਬਣਾਂਵਾਲਾ, ਐੱਲਐਂਡਟੀ ਰਾਜਪੁਰਾ ਤੇ ਗੋਇੰਦਵਾਲ ਜੀਵੀਕੇ ਵੱਲੋਂ ਕੁੱਲ 2,608 ਮੈਗਾਵਾਟ, ਜਦੋਂ ਕਿ ਰਾਜ ਵਿੱਚ ਹਾਈਡਰੋ ਪ੍ਰਾਜੈਕਟਾਂ ਤੋਂ 376 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। ਪਿੰਡ ਬਣਾਂਵਾਲਾ ਵਿੱਚ ਲੱਗੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਅੱਜ 1,106 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ, ਜਦੋਂ ਕਿ ਇਸ ਤਾਪਘਰ ਦਾ ਬੰਦ ਪਿਆ ਯੂਨਿਟ ਨੰਬਰ 2 ਇੱਕ ਹਫ਼ਤੇ ਤੱਕ ਚਾਲੂ ਹੋਣ ਦੇ ਪ੍ਰਬੰਧਕਾਂ ਵੱਲੋਂ ਦਾਅਵੇ ਕੀਤੇ ਗਏ ਹਨ। ਮਾਲਵਾ ਖੇਤਰ ਦੇ ਸਰਕਾਰੀ ਅਗਵਾਈ ਵਾਲੇ 920 ਮੈਗਾਵਾਟ ਦੀ ਸਮਰੱਥਾ ਵਾਲੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵੱਲੋਂ ਅੱਜ 619 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਸ ਤਾਪਘਰ ਦਾ ਯੂਨਿਟ ਨੰਬਰ-1 ਬੰਦ ਹੈ, ਜਦੋਂ ਕਿ ਯੂਨਿਟ ਨੰਬਰ-2 ਵੱਲੋਂ 256 ਮੈਗਾਵਾਟ, ਤਿੰਨ ਨੰਬਰ ਯੂਨਿਟ ਵੱਲੋਂ 230 ਤੇ ਚਾਰ ਨੰਬਰ ਯੂਨਿਟ ਤੋਂ 231 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਨ੍ਹਾਂ ਯੂਨਿਟਾਂ ਨੇ ਸ਼ਨਿਚਰਵਾਰ ਨਾਲੋਂ ਅੱਜ ਵੱਧ ਸਮਰੱਥਾ ’ਚ ਬਿਜਲੀ ਪੈਦਾ ਕੀਤੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਯੂਨਿਟ ਨੰਬਰ-3 ਵੱਲੋਂ 183 ਮੈਗਾਵਾਟ, ਯੂਨਿਟ ਨੰਬਰ-4 ਵੱਲੋਂ 200, ਯੂਨਿਟ ਨੰਬਰ-5 ਵੱਲੋਂ 139 ਅਤੇ ਯੂਨਿਟ ਨੰਬਰ-6 ਵੱਲੋਂ 201 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਇਸ ਤਾਪਘਰ ਦੇ ਯੂਨਿਟ ਨੰਬਰ 1 ਅਤੇ 2 ਪੱਕੇ ਤੌਰ ’ਤੇ ਹੀ ਬੰਦ ਹਨ। ਦੂਜੇ ਪਾਸੇ ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦਾ ਯੂਨਿਟ ਨੰਬਰ-1 ਹਾਲੇ ਵੀ ਬੰਦ ਹੈ। ਇਸ ਦੇ ਯੂਨਿਟ ਨੰਬਰ-2 ਵੱਲੋਂ ਅੱਜ ਸਿਰਫ਼ 205 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।