ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, ਅਪਰੈਲ 29
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਜੇਲ੍ਹ ਵਿਭਾਗ ਵਿੱਚ ਨਵੇਂ ਨਿਯੁਕਤ ਕੀਤੇ 43 ਸਹਾਇਕ ਸੁਪਰਡੈਂਟ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ। ਰੰਧਾਵਾ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਦਫ਼ਤਰ ਵਿੱਚ ਭਰਤੀ ਕੀਤੇ ਇਨ੍ਹਾਂ ਸਹਾਇਕ ਸੁਪਰਡੈਂਟਾਂ ਵਿੱਚੋਂ ਸੰਕੇਤਕ ਤੌਰ ’ਤੇ 4 ਸਹਾਇਕ ਸੁਪਰਡੈਂਟਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਚੁਣੇ ਗਏ ਜੇਲ੍ਹ ਕਰਮੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ। ਕੋਵਿਡ ਬੰਦਿਸ਼ਾਂ ਕਾਰਨ ਬਾਕੀ 39 ਉਮੀਦਵਾਰਾਂ ਨੂੰ ਵੱਖਰੇ ਤੌਰ ’ਤੇ ਨਿਯੁਕਤੀ ਪੱਤਰ ਸੌਂਪ ਦਿੱਤੇ ਗਏ। ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲ੍ਹਾਂ ਵਿਭਾਗ ਵੱਲੋਂ ਸੂਬੇ ਦੀਆਂ ਜੇਲ੍ਹਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਮਿਸਾਲੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਸੀਸੀਟੀਵੀ ਕੈਮਰੇ ਲਗਾਉਣੇ ਸ਼ਾਮਲ ਹਨ। ਏਡੀਜੀਪੀ (ਜੇਲ੍ਹਾਂ) ਪ੍ਰਵੀਨ ਕੁਮਾਰ ਸਿਨਹਾ ਨੇ ਮੰਤਰੀ ਨੂੰ ਦੱਸਿਆ ਕਿ ਸਹਾਇਕ ਸੁਪਰਡੈਂਟ ਵਜੋਂ ਚੁਣੇ ਗਏ 43 ਉਮੀਦਵਾਰਾਂ ਵਿੱਚ ਅੱਜ ਜਿਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਉਨ੍ਹਾਂ ਵਿੱਚ ਜਸਕਿੰਦਰ ਸਿੰਘ, ਆਕਾਸ਼ਦੀਪ ਬੱਤਰਾ, ਪ੍ਰਭਦਿਆਲ ਸਿੰਘ ਅਤੇ ਸਮਨਦੀਪ ਕੌਰ ਸ਼ਾਮਲ ਹਨ। ਉਮੀਦਵਾਰ 6 ਮਹੀਨਿਆਂ ਲਈ ਪਟਿਆਲਾ ਦੇ ਪੰਜਾਬ ਜੇਲ੍ਹ ਸਿਖਲਾਈ ਸਕੂਲ ਵਿੱਚ ਸ਼ੁਰੂਆਤੀ ਸਿਖਲਾਈ ਲੈਣ ਮਗਰੋਂ ਪ੍ਰੈਟੀਕਲ ਟਰੇਨਿੰਗ ਹਾਸਲ ਕਰਨਗੇ। ਇਸ ਮੌਕੇ ਪ੍ਰਮੁੱਖ ਸਕੱਤਰ ਜੇਲ੍ਹਾਂ ਡੀਕੇ ਤਿਵਾੜੀ ਅਤੇ ਆਈਜੀ (ਜੇਲ੍ਹਾਂ) ਆਰਕੇ ਅਰੋੜਾ ਮੌਜੂਦ ਸਨ।