ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਜੰਗਲਾਤ ਵਿਭਾਗ ਨੇ ਐਗਰੋ ਫੌਰੈਸਟਰੀ ਸਕੀਮ ’ਤੇ ਸਬ ਮਿਸ਼ਨ ਤਹਿਤ ਬੂਟੇ ਲਗਾਉਣ ਅਧੀਨ ਰਕਬੇ ਨੂੰ 7 ਹਜ਼ਾਰ ਹੈਕਟੇਅਰ ਤੱਕ ਵਧਾਉਣ ਦੀ ਯੋਜਨਾ ਉਲੀਕੀ ਹੈ ਅਤੇ ਇਸ ਪਹਿਲਕਦਮੀ ਤਹਿਤ ਕਿਸਾਨਾਂ ਵੱਲੋਂ ਲੱਗਪਗ 40 ਲੱਖ ਬੂਟੇ ਲਗਾਏ ਜਾਣਗੇ। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਐਗਰੋ ਫੌਰੈਸਟਰੀ ਸਕੀਮ ’ਤੇ ਸਬ ਮਿਸ਼ਨ ਅਨੁਸਾਰ ਕਿਸਾਨਾਂ ਨੂੰ ਪੌਦੇ ਲਗਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਸੂਬੇ ਦੇ ਅਗਾਂਹਵਧੂ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੇ ਹੱਥ ਮਿਲਾਇਆ ਹੈ। ਇਸ ਸਕੀਮ ਅਧੀਨ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਵਿਚ ਬੂਟੇ ਲਗਾਉਣ ਲਈ 4 ਸਾਲਾਂ ਦੌਰਾਨ 50 ਫ਼ੀਸਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਜੋ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਜਾਵੇਗੀ। ਸ੍ਰੀ ਧਰਮਸੋਤ ਨੇ ਕਿਹਾ ਕਿ ਉਕਤ ਸਕੀਮ ਨੂੰ ਲਾਗੂ ਕਰਨ ਵਿਚ ਪੰਜਾਬ ਮੋਹਰੀ ਸੂਬਾ ਹੈ। ਤਕਰੀਬਨ 12,994 ਕਿਸਾਨਾਂ ਨੇ 18,974.55 ਹੈਕਟੇਅਰ ਰਕਬੇ ਵਿਚ 149.45 ਲੱਖ ਬੂਟੇ ਲਗਾਏ ਹਨ। ਸੂਬੇ ਵੱਲੋਂ ਸਾਲ 2016 ਤੋਂ ਸਕੀਮ ਦੇ ਸ਼ੁਰੂ ਹੋਣ ਤੋਂ ਕਿਸਾਨਾਂ ਨੂੰ 1447.41 ਲੱਖ ਰੁਪਏ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ।