ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਾਰਚ
‘ਵਾਰਿਸ ਪੰਜਾਬ ਦਾ’ ਮੁਖੀ ਅੰਮ੍ਰਿਤਪਾਲ ਸਿੰਘ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲੀਸ ਨੇ ਅੱਜ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਜਲੰਧਰ ਇਲਾਕੇ ਵਿੱਚ ਮੁਹਿੰਮ ਵਿੱਢੀ ਸੀ। ਪੁਲੀਸ ਨੇ ਦਾਅਵਾ ਕੀਤਾ ਹੈ ਕਿ 78 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਤੋਂ ਕੁੱਲ 9 ਹਥਿਆਰ ਬਰਾਮਦ ਕੀਤੇ ਗਏ ਹਨ। ਅੱਜ ਸਵੇਰ ਤੋਂ ਹੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਵਿੱਢੀ ਗਈ ਸੀ। ਮਹਿਤਪੁਰ, ਮਲਸੀਆਂ ਅਤੇ ਸ਼ਾਹਕੋਟ ਇਲਾਕੇ ਵਿੱਚ ਪੁਲੀਸ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਕਾਫ਼ਲਾ ਰੋਕਿਆ ਗਿਆ ਪਰ ਅੰਮ੍ਰਿਤਪਾਲ ਸਿੰਘ ਮੌਕੇ ਤੋਂ ਨਿਕਲਣ ਵਿੱਚ ਸਫ਼ਲ ਹੋ ਗਿਆ। ਪੁਲੀਸ ਨੇ ਉਸ ਦਾ ਲਗਾਤਾਰ ਪਿੱਛਾ ਕੀਤਾ।ਮੀਡੀਆ ਚੈਨਲਾਂ ਨੇ ਦੁਪਹਿਰ 3 ਵਜੇ ਖਬਰ ਦਿੱਤੀ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪੁਲੀਸ ਨੇ ਰਾਤ 9 ਵਜੇ ਸਪਸ਼ਟੀਕਰਨ ਦਿੱਤਾ ਕਿ ਉਹ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸੇ ਦੌਰਾਨ ਸਰਕਾਰ ਨੇ ਪੰਜਾਬ ਦੇ ਕਈ ਖੇਤਰਾਂ ਵਿੱਚ ਐਤਵਾਰ ਦੁਪਹਿਰ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲੀਸ ਜੋ ਵੀ ਕਰ ਰਹੀ ਹੈ, ਉਹ ਸੂਬੇ ’ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਕਰ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ