ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਦਸੰਬਰ
‘ਟਰਬਨ ਟਰੈਵਲਰ’ ਦੇ ਨਾਂ ਨਾਲ ਮਸ਼ਹੂਰ ਦਿੱਲੀ ਵਾਸੀ ਅਮਰਜੀਤ ਸਿੰਘ ਚਾਵਲਾ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰੂ ਸਾਹਿਬ ਨਾਲ ਸਬੰਧਤ ਦੇਸ਼-ਵਿਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦੀ ਲਗਪਗ 10 ਹਜ਼ਾਰ ਕਿਲੋਮੀਟਰ ਲੰਮੀ ਯਾਤਰਾ ਆਪਣੀ ਕਾਰ ਰਾਹੀਂ ਕਰਨਗੇ। ਲਗਪਗ 61 ਵਰ੍ਹਿਆਂ ਦੇ ਸ੍ਰੀ ਚਾਵਲਾ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੀਆਂ ਉਦਾਸੀਆਂ ਵਾਲੀਆਂ ਥਾਵਾਂ ਦੀ ਯਾਤਰਾ ਕਰ ਚੁੱਕੇ ਹਨ। ਇਸ ਤੋਂ ਇਲਾਵਾ 2018 ਵਿਚ ਦਿੱਲੀ ਤੋਂ ਲੰਦਨ ਤਕ ਆਪਣੀ ਕਾਰ ਰਾਹੀਂ ਲਗਪਗ 40 ਹਜ਼ਾਰ ਕਿਲੋਮੀਟਰ ਦਾ ਸਫ਼ਰ ਕਰ ਚੁੱਕੇ ਹਨ। ਅੱਜ ਇੱਥੇ ਆਪਣੇ ਨਵੇਂ ਮਿਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਨਵੀਂ ਯਾਤਰਾ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਹੈ। ਇਸ ਤਹਿਤ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰਿਤਸਰ ਤੋਂ ਯਾਤਰਾ ਨੂੰ ਆਰੰਭ ਕਰ ਰਹੇ ਹਨ। ਇਸ ਯਾਤਰਾ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਬੰਗਲਾ ਦੇਸ਼ ਤੇ ਅਫ਼ਗਾਨਿਸਤਾਨ ਵੀ ਜਾਣਗੇ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦੇ ਕੇ ਮਨੁੱਖਤਾ ਨੂੰ ਨਵੀਂ ਮਿਸਾਲ ਦਿੱਤੀ ਸੀ। ਇਹ ਕਿਸੇ ਇਕ ਧਰਮ ਵਾਸਤੇ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੀਆਂ ਧਾਰਮਿਕ ਕਦਰਾਂ-ਕੀਮਤਾਂ ਦੀ ਰਾਖੀ ਵਾਸਤੇ ਸੀ ਜਿਸ ਨੂੰ ਸਾਰੀ ਦੁਨੀਆਂ ਵਿਚ ਪ੍ਰਚਾਰਨ ਦੀ ਲੋੜ ਹੈ। ਉਹ ਗੁਰੂ ਜੀ ਦੇ ਸੰਦੇਸ਼ ਦਾ ਪ੍ਰਚਾਰ ਵੀ ਕਰਨਗੇ।