ਚਰਨਜੀਤ ਭੁੱਲਰ
ਚੰਡੀਗੜ੍ਹ, 12 ਸਤੰਬਰ
‘ਆਪ’ ਸਰਕਾਰ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ‘ਸਕੂਲ ਆਫ਼ ਐਮੀਨੈਂਸ’ ਦਾ ਆਧਾਰ ‘ਸਮਾਰਟ ਸਕੂਲ’ ਬਣਨਗੇ ਜਿਨ੍ਹਾਂ ਦੀ ਸ਼ਨਾਖ਼ਤ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਜਿਨ੍ਹਾਂ ਸਰਕਾਰੀ ਸਕੂਲਾਂ ’ਚ ਬੁਨਿਆਦੀ ਢਾਂਚਾ ਅੱਵਲ ਦਰਜੇ ਦਾ ਹੈ ਤੇ ਸਾਰੀਆਂ ਸਹੂਲਤਾਂ ਹਨ, ਉਨ੍ਹਾਂ ਸਰਕਾਰੀ ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਦਾ ਦਰਜਾ ਮਿਲਣ ਦੀ ਸੰਭਾਵਨਾ ਹੈ। ਇਹ ਸਕੂਲ ‘ਦਿੱਲੀ ਮਾਡਲ’ ਦੀ ਤਰਜ਼ ’ਤੇ ਬਣਾਏ ਜਾਣਗੇ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਢਾਂਚੇ ਦੀ ਜ਼ਮੀਨੀ ਹਕੀਕਤ ਜਾਣਨ ਲਈ ਪੰਜਾਬ ਵਿਚ 19,123 ਸਰਕਾਰੀ ਸਕੂਲਾਂ ਦਾ ਸਰਵੇ ਕਰਵਾਇਆ ਹੈ। ਦੱਸਣਯੋਗ ਹੈ ਕਿ ਸਰਕਾਰ ਵੱਲੋਂ 200 ਕਰੋੜ ਦੇ ਬਜਟ ਨਾਲ ਮੁੁੱਢਲੇ ਪੜਾਅ ’ਤੇ ਸੂਬੇ ’ਚ 100 ਸਰਕਾਰੀ ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਵਿਚ ਤਬਦੀਲ ਕੀਤਾ ਜਾਣਾ ਹੈ। ਸੂਤਰਾਂ ਅਨੁਸਾਰ ਸਰਵੇ ਵਿਚ ਮੁੱਖ ਤੌਰ ’ਤੇ ‘ਸਮਾਰਟ ਸਕੂਲ’ ਹੀ ਉੱਭਰ ਕੇ ਸਾਹਮਣੇ ਆਏ ਹਨ ਜੋ ‘ਸਕੂਲ ਆਫ਼ ਐਮੀਨੈਂਸ’ ਬਣਾਏ ਜਾਣ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਕਾਂਗਰਸੀ ਹਕੂਮਤ ਸਮੇਂ 13,844 ਸਮਾਰਟ ਸਕੂਲ ਬਣਾਏ ਗਏ ਸਨ। ਨੈਸ਼ਨਲ ਅਚੀਵਮੈਂਟ ਸਰਵੇ ਵਿਚ ਇਨ੍ਹਾਂ ਸਮਾਰਟ ਸਕੂਲਾਂ ਦੀ ਬਦੌਲਤ ਪੰਜਾਬ ਨੇ ਵਾਹ ਵਾਹ ਵੀ ਖੱਟੀ ਸੀ।
ਪੰਜਾਬ ਵਿਚ ‘ਸਕੂਲ ਆਫ਼ ਐਮੀਨੈਂਸ’ ਉਹ ਸਕੂਲ ਬਣਨਗੇ, ਜਿਨ੍ਹਾਂ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਵੇਗੀ, ਸਕੂਲ ’ਚ ਸਭ ਸਟਰੀਮ ਚੱਲਦੇ ਹੋਣਗੇ, ਬੁਨਿਆਦੀ ਢਾਂਚੇ ਦੀ ਕੋਈ ਕਮੀ ਨਹੀਂ ਹੋਵੇਗੀ, ਤਕਨਾਲੋਜੀ ਨਾਲ ਲੈਸ ਹੋਣਗੇ। ਮੁੱਢਲੇ ਪੜਾਅ ’ਤੇ ਸ਼ਨਾਖ਼ਤ ਕੀਤੇ ਜਾ ਰਹੇ ਸਕੂਲਾਂ ’ਚ ਇਹ ਸ਼ਰਤਾਂ ‘ਸਮਾਰਟ ਸਕੂਲ’ ਪੂਰੀਆਂ ਕਰਦੇ ਨਜ਼ਰ ਆ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਸਭ ਤੋਂ ਪਹਿਲਾਂ ‘ਸਕੂਲ ਆਫ਼ ਐਮੀਨੈਂਸ’ ਲਈ ਸਕੂਲ ਮੁਖੀਆਂ ਦਾ ਪ੍ਰਬੰਧਨ ਤਜਰਬਾ ਅਤੇ ਵਿੱਦਿਅਕ ਨਜ਼ਰੀਆ ਵੇਖਣ ਲਈ ਸਰਵੇ ਕੀਤਾ ਗਿਆ। ਉਸ ਮਗਰੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੋਂ ਅੱਵਲ ਸਕੂਲ ਮੁਖੀਆਂ ਦੀਆਂ ਸੂਚੀਆਂ ਲਈਆਂ ਗਈਆਂ। ਜਦੋਂ ਗੱਲ ਨਾ ਬਣੀ ਤਾਂ ਪੰਜਾਬ ਭਰ ਵਿਚੋਂ 300 ਤੋਂ ਜ਼ਿਆਦਾ ਸਕੂਲ ਮੁਖੀ ਸ਼ਨਾਖ਼ਤ ਕੀਤੇ ਗਏ।
ਸੂਤਰ ਦੱਸਦੇ ਹਨ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਜਿਨ੍ਹਾਂ ਸਕੂਲਾਂ ’ਤੇ ਘੱਟ ਖ਼ਰਚਾ ਕਰਨਾ ਪਵੇ, ਉਨ੍ਹਾਂ ਨੂੰ ਚੋਣ ’ਚ ਤਰਜੀਹ ਦਿੱਤੀ ਜਾਵੇਗੀ। ਇੰਨਾ ਜ਼ਰੂਰ ਤੈਅ ਹੋ ਗਿਆ ਹੈ ਕਿ ਸੂਬੇ ਦੇ 2023 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ ਹੀ ‘ਸਕੂਲ ਆਫ਼ ਐਮੀਨੈਂਸ’ ਬਣਨਗੇ।
ਦੱਸਣਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਢੱਡੇ ਫ਼ਤਿਹ ਸਿੰਘ ਦੇ ਸਰਕਾਰੀ ਸਮਾਰਟ ਸਕੂਲ ਕੋਲ ਕਰੀਬ ਦਰਜਨ ਬੱਸਾਂ ਹਨ ਅਤੇ ਇੱਥੇ ਬੱਚਿਆਂ ਦੀ ਗਿਣਤੀ ਵੀ 1500 ਤੋਂ ਜ਼ਿਆਦਾ ਹੈ। ਲੁਧਿਆਣਾ ਦੇ ਪਿੰਡ ਭੈਣੀ ਵੜਿੰਗ ਦੇ ਸਰਕਾਰੀ ਸਕੂਲ ਕੋਲ ਵੀ ਬੱਸਾਂ ਹਨ। ਕੌਮਾਂਤਰੀ ਸਰਹੱਦ ਨੇੜੇ ਪੈਂਦਾ ਸਰਕਾਰੀ ਸਕੂਲ ਪਿੰਡ ਚਾਨਣ ਵਾਲਾ ’ਚ ਹਰ ਸਹੂਲਤ ਮੌਜੂਦ ਹੈ। ਪੰਜਾਬ ਸਰਕਾਰ ਵੱਲੋਂ ਹਰ ਵਿਧਾਨ ਸਭਾ ਹਲਕੇ ਵਿਚੋਂ ਇੱਕ ਸਕੂਲ ਨੂੰ ‘ਸਕੂਲ ਆਫ਼ ਐਮੀਨੈਂਸ’ ਬਣਾਇਆ ਜਾਣਾ ਹੈ। ਰੇਲਵੇ ਮੰਡੀ ਹੁਸ਼ਿਆਰਪੁਰ, ਪਟਿਆਲਾ ਦਾ ਮਲਟੀਪਰਪਜ਼ ਤੇ ਸਿਵਲ ਲਾਈਨਜ਼ ਸਕੂਲ, ਬਠਿੰਡਾ ਦਾ ਪਰਸ ਰਾਮ ਨਗਰ ਸਕੂਲ, ਮੁਹਾਲੀ ਦਾ ਫ਼ੇਜ਼ 3 ਬੀ ਵਨ ਦਾ ਸਕੂਲ, ਮਾਨਸਾ ਜ਼ਿਲ੍ਹੇ ਦਾ ਬੁਢਲਾਡਾ ਦਾ ਸਕੂਲ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਨੋ ਦੇ ਸਕੂਲ ਨੂੰ ਦਰਜਾ ਮਿਲਣ ਦੀ ਸੰਭਾਵਨਾ ਹੈ।
ਸਮਾਰਟ ਸਕੂਲ ਤਾਂ ਸਿਰਫ਼ ਨਾਮ ਦੇ ਹੀ ਹਨ: ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਅਗਲੇ ਵਿੱਦਿਅਕ ਵਰ੍ਹੇ ਤੋਂ ‘ਸਕੂਲ ਆਫ਼ ਐਮੀਨੈਂਸ’ ਸ਼ੁਰੂ ਹੋ ਜਾਣਗੇ ਅਤੇ ਹਾਲੇ ਇਨ੍ਹਾਂ ਸਕੂਲਾਂ ਦੀ ਸ਼ਨਾਖ਼ਤ ਦਾ ਕੰਮ ਚੱਲ ਰਿਹਾ ਹੈ। ‘ਸਕੂਲ ਆਫ਼ ਐਮੀਨੈਂਸ’ ਵਿਚ ਨੌਵੀਂ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਹੋਵੇਗੀ ਅਤੇ ਬਾਕੀ ਕਲਾਸਾਂ ਲਈ ਦੋ ਕਿੱਲੋਮੀਟਰ ਦੇ ਦਾਇਰੇ ਦੇ ਸਕੂਲ ਵਿਚ ਬੱਚੇ ਪੜ੍ਹਨਗੇ। ਉਨ੍ਹਾਂ ਕਿਹਾ ਕਿ ਸਥਾਪਿਤ ਹੋ ਚੁੱਕੇ ਸਕੂਲਾਂ ਵਿਚੋਂ ਚਾਹੇ ਉਹ ਸਮਾਰਟ ਹੈ ਤੇ ਚਾਹੇ ਮੈਰੀਟੋਰੀਅਸ ਸਕੂਲ ਹੈ, ਉਹ ਸਕੂਲ ਕਹਿਣ ਨੂੰ ਹੀ ਸਮਾਰਟ ਹਨ, ਅਜਿਹੇ ਸਕੂਲ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਦੇ ਨਹੀਂ ਹਨ। ਅਜਿਹੇ ਸਕੂਲਾਂ ’ਚ ਸਭ ਘਾਟਾਂ ਨੂੰ ਪੂਰਾ ਕਰਕੇ ਅਜਿਹਾ ਮਾਹੌਲ ਸਿਰਜਿਆ ਜਾਵੇਗਾ ਕਿ ਦਾਖ਼ਲੇ ਲਈ ਕਤਾਰਾਂ ਲੱਗਣ। ਮੁਕਾਬਲੇ ਦੀ ਪ੍ਰੀਖਿਆ ਲਈ ਬੱਚੇ ਤਿਆਰ ਕੀਤੇ ਜਾਣਗੇ ਅਤੇ ਇਨ੍ਹਾਂ ਸਕੂਲਾਂ ਵਿਚ ਕਰੀਬ ਤਿੰਨ ਲੱਖ ਬੱਚਿਆਂ ਨੂੰ ਪੜ੍ਹਾਏ ਜਾਣ ਦਾ ਟੀਚਾ ਰੱਖਿਆ ਗਿਆ ਹੈ।