ਖੇਤਰੀ ਪ੍ਰਤੀਨਿਧ
ਬਰਨਾਲਾ, 16 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਅੱਜ ਇੱਥੇ ਇੱਕ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ 17 ਫਰਵਰੀ ਨੂੰ ਜਥੇਬੰਦੀ ਵੱਲੋਂ ਸਥਾਨਕ ਦਾਣਾ ਮੰਡੀ ਵਿੱਚ ਕੀਤੀ ਜਾ ਰਹੀ ਸੂਬਾ ਪੱਧਰੀ ਲੋਕ ਕਲਿਆਣ ਰੈਲੀ ਦੌਰਾਨ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੇ ਉਹ ਅਹਿਮ ਤੇ ਬੁਨਿਆਦੀ ਮੁੱਦੇ ਉਭਾਰ ਕੇ ਅਵਾਮ ਨੂੰ ਜਾਗਰੂਕ ਤੇ ਲਾਮਬੰਦ ਕੀਤਾ ਜਾਵੇਗਾ, ਜੋ ਕਿਸੇ ਵੀ ਸਥਾਪਤ ਸਿਆਸੀ ਪਾਰਟੀ ਜਾਂ ਵਿਧਾਨ ਸਭਾਵਾਂ ਤੇ ਸੰਸਦ ’ਚ ਏਜੰਡਾ ਨਹੀਂ ਬਣਦੇ ਤੇ ਨਾ ਹੀ ਕਿਸੇ ਦੇ ਵੀ ਚੋਣ ਮੈਨੀਫੈਸਟੋ ਦਾ ਹਿੱਸਾ ਬਣਦੇ ਹਨ। ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਸੂਬਾਈ ਆਗੂਆਂ ਨੇ ਕਿਹਾ ਕਿ ਲੋਕਾਂ ਤੇ ਦੇਸ਼ ਦਾ ਕਲਿਆਣ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਤਿੱਖੇ ਜ਼ਮੀਨੀ ਸੁਧਾਰਾਂ ਤਹਿਤ ਵੱਡੇ ਜਗੀਰਦਾਰਾਂ ਤੋਂ ਵਾਧੂ ਜ਼ਮੀਨ ਤੇ ਸਰਮਾਏਦਾਰਾਂ ਦਾ ਸਰਮਾਇਆ ਜ਼ਬਤ ਕਰਕੇ ਲੋੜਵੰਦ ਕਿਸਾਨਾਂ ਤੇ ਖੇਤ ਮਜ਼ਦੂਰਾਂ ’ਚ ਨਹੀਂ ਵੰਡਿਆ ਜਾਂਦਾ, ਸਰਕਾਰੀ ਸੇਵਾਵਾਂ ਤੇ ਸੰਸਥਾਵਾਂ ਦੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ ਤੇ ਸੰਸਾਰ ਵਪਾਰ ਸੰਸਥਾ ਤੇ ਸਾਮਰਾਜੀਆਂ ਨਾਲ ਕੀਤੇ ਲੋਕ ਦੋਖੀ ਸਮਝੌਤਿਆਂ ਤੋਂ ਬਾਹਰ ਆ ਕੇ ਉਨ੍ਹਾਂ ਦੇ ਗਲਬੇ ਤੇ ਲੁੱਟ ਨੂੰ ਖ਼ਤਮ ਨਹੀਂ ਕੀਤਾ ਜਾਂਦਾ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਪਿਛਲੇ ਕਰੀਬ 7 ਦਹਾਕਿਆਂ ਦਾ ਅਖੌਤੀ ਲੋਕਤੰਤਰੀ ਇਤਿਹਾਸ ਦੇਖਦਿਆਂ ਪਾਰਲੀਮੈਂਟ ਤੇ ਵਿਧਾਨ ਸਭਾਵਾਂ ’ਚੋਂ ਕਿਸੇ ਵੀ ਲੋਕਹਿਤੂ ਤਬਦੀਲੀ ਦੀ ਆਸ ਨਹੀਂ ਕੀਤੀ ਜਾ ਸਕਦੀ। ਇਸ ਰੈਲੀ ਵਿੱਚ ਕਰੀਬ ਸਵਾ ਲੱਖ ਲੋਕਾਂ ਦਾ ਇਕੱਠ ਹੋਣ ਦੀ ਸੰਭਾਵਨਾ ਹੈ।