ਪੱਤਰ ਪ੍ਰੇਰਕ
ਚੰਡੀਗੜ੍ਹ, 10 ਅਕਤੂਬਰ
ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਰਕਾਰੀ ਮੁਲਾਜ਼ਮਾਂ ਦੀ ਸਾਲ 2004 ਤੋਂ ਬੰਦ ਕੀਤੀ ਗਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਵਾਸਤੇ ‘ਰਾਸ਼ਟਰੀ ਪੁਰਾਣੀ ਪੈਨਸ਼ਨ ਬਹਾਲੀ ਸੰਯੁਕਤ ਮੋਰਚਾ’ ਵੱਲੋਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਕੱਢੀ ਜਾ ਰਹੀ ‘ਪੁਰਾਣੀ ਪੈਨਸ਼ਨ ਨਿਆਂ ਯਾਤਰਾ’ ਅੱਜ ਇੱਥੇ ਸੈਕਟਰ 17 ਵਿੱਚ ਪਹੁੰਚੀ ਜਿੱਥੇ ਚੰਡੀਗੜ੍ਹ ਦੇ ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮ ਐਸੋਸੀਏਸ਼ਨਾਂ ਨੇ ਯਾਤਰਾ ਦਾ ਸਵਾਗਤ ਕੀਤਾ।
ਨਿਆਂ ਯਾਤਰਾ ਵਿੱਚ ਮੋਰਚੇ ਦੇ ਕੌਮੀ ਪ੍ਰਧਾਨ ਬੀ.ਪੀ. ਸਿੰਘ ਰਾਵਤ, ਸੀਨੀਅਰ ਮੀਤ ਪ੍ਰਧਾਨ ਵਿਨੋਦ ਕਨੌਜੀਆ ਉੱਤਰ ਪ੍ਰਦੇਸ਼ (ਲਖਨਊ), ਤੇਲੰਗਾਨਾ (ਹੈਦਰਾਬਾਦ) ਤੋਂ ਰਾਸ਼ਟਰੀ ਸਲਾਹਕਾਰ ਸੰਪਤ ਕੁਮਾਰ ਸਵਾਮੀ, ਛੱਤੀਸਗੜ੍ਹ (ਰਾਏਪੁਰ) ਤੋਂ ਕੌਮੀ ਜਨਰਲ ਸਕੱਤਰ ਵਰਿੰਦਰ ਦੂਬੇ ਸਮੇਤ ਕਈ ਆਗੂ ਸ਼ਾਮਲ ਸਨ।
ਸਾਬਕਾ ਸੰਸਦ ਮੈਂਬਰ ਅਤੇ ਭਾਰਤ ਦੇ ਵਧੀਕ ਸੌਲੀਸਿਟਰ ਜਨਰਲ ਸੱਤਿਆਪਾਲ ਜੈਨ ਨੂੰ ਪ੍ਰਧਾਨ ਮੰਤਰੀ ਦੇ ਨਾਂ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਯਾਤਰਾ ਵਿੱਚ ਸ਼ਾਮਲ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਉਕਤ ਨਿਆਂ ਯਾਤਰਾ 9 ਅਕਤੂਬਰ ਨੂੰ ਲਾਲ ਚੌਕ, ਸ੍ਰੀਨਗਰ ਤੋਂ ਸ਼ੁਰੂ ਹੋਈ ਹੈ ਜੋ ਕਿ 19 ਅਕਤੂਬਰ 2022 ਨੂੰ ਕੰਨਿਆ ਕੁਮਾਰੀ ਵਿਖੇ ਜਾ ਕੇ ਹੀ ਸਮਾਪਤ ਹੋਵੇਗੀ।
ਇਸ ਮੌਕੇ ਗੁਰਮੁਖ ਸਿੰਘ ਰਾਜਪੁਰਾ, ਦਬਕੇਸ਼ ਕੁਮਾਰ, ਜੀਐੱਮਐੱਸਐੱਚ-16 ਨਰਸਿਜ਼ ਯੂਨੀਅਨ ਤੋਂ ਮਹਿੰਦਰ, ਅਮਨਦੀਪ ਕੌਰ, ਮਨੀਸ਼ ਰਾਠੌਰ, ਓਮ ਪ੍ਰਕਾਸ਼, ਪੀਜੀਆਈ ਨਰਸਿਜ਼ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਮਜਨਿਕ ਕੌਰ, ਕਿਸ਼ੋਰ ਸੈਣੀ, ਏਕਤਾ ਸ਼ੈਲੀ, ਸਤਿਆਵੀਰ ਸਿੰਘ ਆਦਿ ਵੀ ਹਾਜ਼ਰ ਸਨ।