ਪੱਤਰ ਪ੍ਰੇਰਕ
ਜੈਤੋ, 3 ਜੂਨ
ਮਜ਼ਦੂਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਕਿਰਤੀਆਂ ਨੇ ਨਵੀਂ ਜਥੇਬੰਦੀ ‘ਮਜ਼ਦੂਰ ਯੂਨੀਅਨ ਪੰਜਾਬ’ ਕਾਇਮ ਕੀਤੀ ਹੈ। ਇੱਥੇ ਅੱਜ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿੱਚ ਹੋਏ ਮਜ਼ਦੂਰਾਂ ਦੇ ਇਕੱਠ ਦੌਰਾਨ ਅੰਗਰੇਜ਼ ਸਿੰਘ (ਗੋਰਾ ਮੱਤਾ) ਨੂੰ ਸੂਬਾ ਕਨਵੀਨਰ ਚੁਣਿਆ ਗਿਆ ਹੈ। ਗੋਰਾ ਮੱਤਾ ਨੇ ਕਿਹਾ ਕਿ ਗੰਧਲੇ ਸਿਆਸੀ ਪ੍ਰਬੰਧ ਕਾਰਨ ਮਿਹਨਤਕਸ਼ਾਂ ਦੇ ਹੱਕਾਂ ’ਤੇ ਡਾਕੇ ਵੱਜ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਅਧਿਕਾਰਾਂ ਦੀ ਰਾਖੀ ਲਈ ਕਿਰਤੀ ਵਰਗ ਨੂੰ ਲਾਮਬੰਦ ਕਰਕੇ ਸੰਘਰਸ਼ ਕਰਨਾ, ਜਥੇਬੰਦੀ ਦਾ ਮੁੱਖ ਉਦੇਸ਼ ਰਹੇਗਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਕਿਰਤੀਆਂ ਦੇ ਹਿਤਾਂ ਲਈ ਹਿੱਕ ਡਾਹ ਕੇ ਪਹਿਰੇਦਾਰੀ ਕਰਨਗੇ।