ਪਾਲ ਸਿੰਘ ਨੌਲੀ
ਜਲੰਧਰ, 17 ਫਰਵਰੀ
ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਅਖਵਾਉਣ ਵਾਲੀ ਭਾਜਪਾ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਦੋਆਬੇ ਵਿੱਚੋਂ ਕਈ ਵਾਰਡਾਂ ’ਚ ਦੋਹਰੇ ਅੰਕਾਂ ਵਿੱਚ ਵੀ ਵੋਟਾਂ ਨਹੀਂ ਪਈਆਂ।
ਜਲੰਧਰ ਦੇ 110 ਵਾਰਡਾਂ ਵਿੱਚੋਂ ਭਾਜਪਾ 17 ਵਾਰਡਾਂ ’ਚ ਪਾਰਟੀ ਚੋਣ ਨਿਸ਼ਾਨ ’ਤੇ ਮੈਦਾਨ ’ਚ ਉਤਰੀ। ਨਕੋਦਰ ਵਿੱਚ ਪਾਰਟੀ 7 ਵਾਰਡਾਂ ਤੋਂ ਚੋਣ ਲੜੀ ਤੇ ਹਰ ਵਾਰਡ ਤੋਂ ਹਾਰ ਗਈ। ਸਿਰਫ਼ ਨੂਰਮਹਿਲ ਨਗਰ ਕੌਂਸਲ ਤੋਂ ਭਾਜਪਾ ਨੂੰ ਇੱਕ ਸੀਟ ਮਿਲੀ ਹੈ। ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਜੱਸਲ ਦੀ ਪਤਨੀ ਭਾਜਪਾ ਵੱਲੋਂ ਖੜ੍ਹੀ ਹੋਈ ਸੀ, ਇਹ ਜਿੱਤ ਭਾਜਪਾ ਦੀ ਨਾ ਹੋ ਕੇ ਉਸ ਦੀ ਵਿਅਕਤੀਗਤ ਜਿੱਤ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਨੋਦ ਕੁਮਾਰ ਨੇ ਭਾਜਪਾ ਹਾਈ ਕਮਾਂਡ ਨੂੰ ਚੋਣ ਨਿਸ਼ਾਨ ਲੈਣ ਤੋਂ ਮਨ੍ਹਾ ਕੀਤਾ ਸੀ ਪਰ ਪਾਰਟੀ ਨੇ ਹੋਂਦ ਦਾ ਵਾਸਤਾ ਪਾ ਕੇ ਚੋਣ ਨਿਸ਼ਾਨ ਅਲਾਟ ਕੀਤਾ ਸੀ। ਟਾਂਡਾ ਨਗਰ ਕੌਂਸਲ ’ਚ ਸਥਿਤੀ ਉਦੋਂ ਦਿਲਚਸਪ ਬਣ ਗਈ ਜਦੋਂ ਨੋਟਾ ਨੂੰ 6 ਤੇ ਭਾਜਪਾ ਦੀ ਉਮੀਦਵਾਰ ਰਜਨੀ ਨੂੰ ਚਾਰ ਵੋਟਾਂ ਹੀ ਮਿਲੀਆਂ। ਕਪੂਰਥਲਾ ਦੇ ਵਾਰਡ ਨੰਬਰ 10 ਤੋਂ ਭਾਜਪਾ ਦੇ ਉਮੀਦਵਾਰ ਨੂੰ ਕੁੱਲ 1598 ਵਿੱਚੋਂ ਸਿਰਫ਼ 10 ਵੋਟਾਂ ਹੀ ਮਿਲੀਆਂ।
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਇਹ ਚੋਣ ਨਤੀਜੇ ਲੋਕਾਂ ਦੀ ਰਾਇ ਨਹੀਂ ਦਰਸਾਉਂਦੇ ਕਿਉਂਕਿ ਸੱਤਾਧਾਰੀ ਧਿਰ ਕਾਂਗਰਸ ਨੇ ਇਨ੍ਹਾਂ ਚੋਣਾਂ ’ਚ ਬਹੁਤ ਧੱਕੇਸ਼ਾਹੀ ਕੀਤੀ ਹੈ। ਜਲੰਧਰ ਦੇ ਨਤੀਜਿਆਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਕਦੇ ਵੀ ਇੰਨੇ ਵਾਰਡਾਂ ’ਤੇ ਚੋਣਾਂ ਨਹੀਂ ਲੜੀਆਂ ਸਨ, ਫਿਰ ਵੀ ਪਾਰਟੀ ਦਾ ਚੋਣ ਨਿਸ਼ਾਨ ਲੋਕਾਂ ਵਿੱਚ ਲਿਜਾਣ ’ਚ ਕਾਮਯਾਬ ਰਹੇ ਹਨ।
ਨਿਗਮ ਤੇ ਕੌਂਸਲ ਚੋਣਾਂ ਵਿੱਚ ‘ਆਪ’ ਨੂੰ ਝਟਕਾ
ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵਜੋਂ ਕਾਬਜ਼ ਆਮ ਆਦਮੀ ਪਾਰਟੀ (ਆਪ) ਨੂੰ ਵਿਧਾਨ ਸਭਾ ਚੋਣਾਂ 2017 ਤੋਂ ਬਾਅਦ ਲਗਾਤਾਰ ਝਟਕੇ ਲੱਗ ਰਹੇ ਹਨ। ‘ਆਪ’ ਨੂੰ ਲੋਕ ਸਭਾ ਚੋਣਾਂ 2019 ਦੌਰਾਨ ਪੰਜਾਬ ਵਿੱਚ ਸਿਰਫ਼ ਇੱਕ ਸੀਟ ਮਿਲੀ ਸੀ। ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ‘ਆਪ’ ਨੇ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਲਈ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲੜਨ ਦਾ ਐਲਾਨ ਕੀਤਾ ਸੀ ਪਰ ਪਾਰਟੀ ਨੂੰ ਸੂਬੇ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲ ਚੋਣਾਂ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਇਲਾਕੇ ਵਿੱਚ ਇਸ ਵਾਰ ਪਾਰਟੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਦਿਖਾ ਸਕੀ ਹੈ। ‘ਆਪ’ ਵਿਧਾਇਕਾਂ ਦੇ ਹਲਕਿਆਂ ਵਿੱਚ ਵੀ ਹਾਲਤ ਚੰਗੀ ਨਹੀਂ ਹੈ। ਇੰਨਾ ਹੀ ਨਹੀਂ ਕਈ ਕੌਂਸਲਾਂ ਅਜਿਹੀਆਂ ਹਨ ਜਿੱਥੇ ‘ਆਪ’ ਦਾ ਕੋਈ ਵੀ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ। ਇਨ੍ਹਾਂ ਵਿੱਚ ਹਲਕਾ ਬਠਿੰਡਾ ਦਿਹਾਤੀ ਅਧੀਨ ਪੈਂਦੀ ਸੰਗਤ ਮੰਡੀ, ਤਲਵੰਡੀ ਸਾਬੋ ਅਧੀਨ ਪੈਂਦੀ ਰਾਮਾਮੰਡੀ, ਲਹਿਰਾਗਾਗਾ, ਆਨੰਦਪੁਰ ਸਾਹਿਬ, ਗੁਰਦਾਸਪੁਰ ਤੇ ਮਜੀਠਾ ਆਦਿ ਸ਼ਾਮਿਲ ਹਨ। ਪਾਰਟੀ ਨੇ ਪੰਜਾਬ ਵਿੱਚ ਪਹਿਲੀ ਵਾਰ ਸਥਾਨਕ ਚੋਣਾਂ ਵਿੱਚ ਹਿੱਸਾ ਲਿਆ ਹੈ। ‘ਆਪ’ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਵੱਲੋਂ ਪਹਿਲੀ ਵਾਰ ਚੋਣਾਂ ਲੜੀਆਂ ਗਈਆਂ ਹਨ। ਪੰਜਾਬ ਦੇ ਵੋਟਰਾਂ ਨੇ ਜੋ ਫ਼ਤਵਾ ਦਿੱਤਾ ਹੈ ਪਾਰਟੀ ਉਸ ਦਾ ਸਵਾਗਤ ਕਰਦੀ ਹੈ। ਪਾਰਟੀ ਦਾ ਸ਼ਹਿਰੀ ਖੇਤਰ ਵਿੱਚ ਆਧਾਰ ਵਧਿਆ ਹੈ। ਇਸ ਦੌਰਾਨ ਪਾਰਟੀ ਦੀ ਵੋਟ ਫ਼ੀਸਦ ਵਿੱਚ ਚੰਗਾ ਵਾਧਾ ਹੋਇਆ ਹੋਇਆ ਹੈ। ਇਸ ਨਾਲ 2022 ਤੱਕ ਸ਼ਹਿਰੀ ਖੇਤਰ ਵਿੱਚ ‘ਆਪ’ ਹੋਰ ਮਜ਼ਬੂਤ ਹੋਵੇਗੀ। ਸ੍ਰੀ ਚੀਮਾ ਨੇ ਕਿਹਾ ਕਿ ਇਸ ਵਾਰ ਰਹੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ।