ਆਤਿਸ਼ ਗੁਪਤਾ
ਚੰਡੀਗੜ੍ਹ, 16 ਮਈ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ ਵਿੱਚ ਪੈਟਰੋਲ ਪੰਪ, ਕਾਰਪੋਰੇਟ ਘਰਾਣਿਆਂ, ਰੇਲਵੇ ਪਾਰਕਾਂ, ਭਾਜਪਾ ਆਗੂਆਂ ਦੇ ਘਰਾਂ/ਦਫ਼ਤਰਾਂ ਸਣੇ 125 ਥਾਵਾਂ ’ਤੇ ਚੱਲ ਰਹੇ ਕਿਸਾਨ ਧਰਨਿਆਂ ਵਿੱਚ ਕਿਸਾਨਾਂ ਨੇ ਲੋਕ ਕਵੀ ਮਹਿੰਦਰ ਸਾਥੀ ਨੂੰ ਸ਼ਰਧਾਂਜਲੀਆਂ ਦਿੱਤੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਕਿਰਤੀਆਂ ਲਈ ਸੁਨਹਿਰੀ ਸਵੇਰ ਦਾ ਸੁਪਨਾ ਸੰਜੋਈ ਚੱਲਦੀ ਰਹੀ ਮਾਣ-ਮੱਤੀ ਕਲਮ ਚਾਹੇ ਥੰਮ ਗਈ ਹੈ ਪਰ ਉਸ ਵੱਲੋਂ ਮਸ਼ਾਲਾਂ ਬਾਲਣ ਦਾ ਹੋਕਾ ਦੇਣ ਦੀ ਰਵਾਇਤ ਜਿਉਂਦੀ ਰਹੇਗੀ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਮੋਹਨ ਸਿੰਘ ਪਟਿਆਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਰ-ਵਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਇਹ ਮਹਿਜ ‘ਜੁਮਲਾ’ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਨਲਾਇਕੀਆਂ ਕਰਕੇ ਅੱਜ ਕਿਸਾਨ ਕਰਜ਼ਈ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਹਰ ਰੋਜ਼ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨੀ ਨਾਲ ਸਬੰਧਤ ਸਮੂਹ ਕਰਜ਼ੇ ਮੁਆਫ਼ ਕਰਕੇ ਕਿਸਾਨਾਂ ਦੀ ਹਮਾਇਤ ਵਿੱਚ ਪਾਲਸੀ ਤਿਆਰ ਕਰਨੀ ਚਾਹੀਦੀ ਹੈ ਪਰ ਕੇਂਦਰ ਸਰਕਾਰ ਪੂੰਜੀਪਤੀਆਂ ਦਾ ਪੱਖ ਪੂਰਨ ਲੱਗੀ ਹੋਈ ਹੈ।
ਕਿਸਾਨ ਆਗੂ ਨੇ ਹਰਿਆਣਾ ਦੇ ਹਿਸਾਰ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰਨ ਗਏ ਕਿਸਾਨਾਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਕੇ ਅੱਥਰੂ ਗੈਸ ਦੇ ਗੋਲੇ ਛੱਡਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਹਰ ਕਿਸੇ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਅਤੇ ਭਾਜਪਾ ਡਾਂਗ ਦੇ ਜ਼ੋਰ ’ਤੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਕਿਸਾਨਾਂ ਨੂੰ ਆਵਾਜ਼ ਨੂੰ ਦਬਾ ਨਹੀਂ ਸਕਦੀ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰਦੇ ਨੂੰ 6 ਮਹੀਨੇ ਪੂਰੇ ਹੋਣ ਵਾਲੇ ਹਨ। ਇਸ ਦੌਰਾਨ 400 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਨਣ ਲਈ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਫ਼ਸਲਾਂ ਨੂੰ ਐੱਮਐੱਸਪੀ ’ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਮੰਗ ਕਰ ਰਿਹਾ ਹੈ, ਜਿਸ ਤੋਂ ਬਿਨਾਂ ਵਾਪਸ ਮੁੜਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਭਾਜਪਾ ਦੀ ਲੋਕ ਵਿਰੋਧੀ ਗਤੀਵੀਧੀਆਂ ਦਾ ਕਿਸਾਨਾਂ ਵੱਲੋਂ ਮੋੜਵਾਂ ਜਵਾਬ ਦਿੱਤਾ ਜਾਵੇਗਾ।
ਕਿਸਾਨਾਂ ਵੱਲੋਂ ਲੋਕ ਕਵੀ ਮਹਿੰਦਰ ਸਾਥੀ ਨੂੰ ਸ਼ਰਧਾਂਜਲੀਆਂ
ਬਰਨਾਲਾ (ਪਰਸ਼ੋਤਮ ਬੱਲੀ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਲਈ ਨਵਾਂ ਕਾਨੂੰਨ ਬਣਵਾਉਣ ਦੀ ਮੰਗ ਲਈ ਸੰਯੁੁਕਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਲੱਗਿਆ ਧਰਨਾ ਅੱਜ 228 ਦਿਨ ਪੂਰੇ ਕਰ ਗਿਆ। ਅੱਜ ਇੱਥੇ ‘ਮਸ਼ਾਲਾਂ ਬਾਲ ਕੇ ਰੱਖਣਾ, ਜਦੋਂ ਤੱਕ ਰਾਤ ਬਾਕੀ ਹੈ’ ਵਰਗੇ ਪ੍ਰਸਿੱਧ ਜੁਝਾਰੂ ਗੀਤ ਦੇ ਵਿਛੜੇ ਰਚੇਤਾ ਪੰਜਾਬ ਦੇ ਮਸ਼ਹੂਰ ਇਨਕਲਾਬੀ ਕਵੀ ਮਹਿੰਦਰ ਸਾਥੀ ਨੂੰ ਮੰਚ ਤੋਂ ਨਰੈਣ ਦੱਤ, ਚਰਨਜੀਤ ਕੌਰ, ਅਮਰਜੀਤ ਕੌਰ ਤੇ ਨਰਿੰਦਰਪਾਲ ਸਿੰਗਲਾ ਨੇ ਭਾਵਭਿੰਨੀ ਸ਼ਰਧਾਂਜਲੀ ਦਿੰਦਿਆਂ ਸੰਘਰਸ਼ੀ ਮਸ਼ਾਲਾਂ ਬਾਲ ਕੇ ਰੱਖਣ ਦਾ ਅਹਿਦ ਕੀਤਾ। ਬੁਲਾਰਿਆਂ ਵਿੱਚ ਸ਼ਾਮਲ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਗੁੁਰਨਾਮ ਸਿੰਘ ਠੀਕਰੀਵਾਲਾ, ਮਨਜੀਤ ਰਾਜ, ਬਾਬੂ ਸਿੰਘ ਖੁੱਡੀ ਕਲਾਂ, ਸਰਪੰਚ ਗੁੁਰਚਰਨ ਸਿੰਘ ਸੁੁਰਜੀਤਪੁੁਰਾ, ਗੁੁਰਮੇਲ ਸ਼ਰਮਾ, ਚਰਨਜੀਤ ਕੌਰ, ਪਰਮਜੀਤ ਕੌਰ ਠੀਕਰੀਵਾਲਾ, ਅਮਰਜੀਤ ਕੌਰ ਤੇ ਬਲਜੀਤ ਸਿੰਘ ਚੌਹਾਨਕੇ ਨੇ ਕਿਹਾ ਕਿ ਸੰਯੁੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਤਜਰਬੇ, ਸੂਝ-ਬੂਝ ਅਤੇ ਕਿਸਾਨਾਂ ਦੇ ਸਿਰੜੀ ਏਕੇ ਨੇ ਸਰਕਾਰ ਦੀਆਂ ਕਿਸਾਨ ਮੋਰਚੇ ਨੂੰ ਢਾਹ ਲਾਉਣ ਦੀਆਂ ਸਾਰੀਆਂ ਕਿਆਸਰਾਈਆਂ ਤੇ ਗਿਣਤੀਆਂ-ਮਿਣਤੀਆਂ ਪੁੱਠੀਆਂ ਪਾ ਦਿੱਤੀਆਂ ਹਨ। ਹੁੁਣ 26 ਮਈ ਨੂੰ ਸੰਯੁੁਕਤ ਕਿਸਾਨ ਮੋਰਚਾ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ’ਤੇ ਕਾਲਾ ਦਿਵਸ ਮਨਾ ਰਿਹਾ ਹੈ ਅਤੇ ਇਹ ਅੰਦੋਲਨ ਸਰਕਾਰ ਦੀ ਗਲੇ ਦੀ ਹੱਡੀ ਬਣ ਚੁੱਕਿਆ ਹੈ। ਆਗੂਆਂ ਨੇ ਕਿਹਾ ਕਿ ਕਰੋਨਾ ਦੀ ਆੜ ਹੇਠ ਸਰਕਾਰ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ ਅਤੇ ਮੰਗਾਂ ਦੀ ਪੂਰਤੀ ਤੱਕ ਦਿੱਲੀ ਧਰਨੇ ਜਾਰੀ ਰਹਿਣਗੇ। ਭੋਲਾ ਸਿੰਘ ਠੁੱਲੀਵਾਲ, ਪ੍ਰੀਤ ਕੌਰ ਧੂਰੀ ਤੇ ਨਰਿੰਦਰ ਪਾਲ ਸਿੰਗਲਾ ਨੇ ਗੀਤ ਤੇ ਕਵਿਤਾਵਾਂ ਸੁੁਣਾਈਆਂ।