ਟ੍ਰਿਬਿਊਨ ਨਿਊਜ਼ ਸਰਵਿਸ
ਫਗਵਾੜਾ, 14 ਮਾਰਚ
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਅੱਜ ਲੇਖਕ ਤੇ ਸਮਾਜ ਸੇਵੀ ਗੁਰਨਾਮ ਕੰਵਰ ਦੀ ਪ੍ਰਧਾਨਗੀ ਹੇਠ ਫਗੜਾੜਾ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਅੰਮ੍ਰਿਤਸਰ ਸਾਹਿਬ ਵਿੱਚ ਜੱਲ੍ਹਿਆਂਵਾਲਾ ਬਾਗ ਦੀ ਯਾਦ ਨੂੰ ਸਮਰਪਿਤ 23 ਤੇ 24 ਅਪਰੈਲ ਨੂੰ ਕਰਵਾਈ ਜਾ ਰਹੀ ਦੋ ਰੋਜ਼ਾ ਕੌਮੀ ਕਾਨਫਰੰਸ ਦੀ ਵਿਉਂਤਬੰਦੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ’ਚ ਉਚੇਚੇ ਤੌਰ ’ਤੇ ਪਹੁੰਚੇ ਪ੍ਰਗਤੀਸ਼ੀਲ ਲੇਖਕ ਸੰਘ ਭਾਰਤ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਜਦੋਂ ਫਾਸ਼ੀਵਾਦੀ ਹਮਲਿਆਂ ਤਹਿਤ ਦੇਸ਼ ਦੇ ਬਹੁਰੰਗੇ ਸੱਭਿਆਚਾਰ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ, ਉਸ ਵੇਲੇ ਚਿੰਤਕਾਂ ਵੱਲੋਂ ਜੱਲ੍ਹਿਆਂਵਾਲਾ ਬਾਗ ਵਰਗੇ ਇਤਿਹਾਸਿਕ ਥਾਂ ’ਤੇ ਬੈਠ ਕੇ ਦੇਸ਼ ਨੂੰ ਦਰਪੇਸ਼ ਮਸਲਿਆਂ ’ਤੇ ਚਰਚਾ ਕਰਨੀ ਅਤੇ ਭਾਰਤ ਦੀ ਆਜ਼ਾਦੀ ਦੇ ਸਾਂਝੇ ਸੰਘਰਸ਼ ਦੇ ਗਵਾਹ ਜੱਲ੍ਹਿਆਂਵਾਲਾ ਬਾਗ ਦੇ ਮਾਣ-ਮੱਤੇ ਇਤਿਹਾਸ ਨੂੰ ਚੇਤੇ ਕਰਨਾ ਬਹੁਤ ਅਹਿਮ ਕਾਰਜ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਵੱਖ-ਵੱਖ ਰਾਜਾਂ ਦੇ ਨੁਮਾਇੰਦੇ ਭਾਗ ਲੈਣਗੇ। ਇਸ ਦੌਰਾਨ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪ੍ਰਸਿੱਧ ਲੋਕ-ਪੱਖੀ ਚਿੰਤਕ ਆਪਣੇ ਖੋਜ ਪੇਪਰ ਪੜ੍ਹਨਗੇ। ਲੇਖਕ ਸੰਘ ਦੇ ਸਕੱਤਰ ਸੁਰਜੀਤ ਜੱਜ ਨੇ ਕਿਹਾ ਕਿ ਇਸ ਸੈਮੀਨਾਰ ਵਿੱਚ ਪੰਜਾਬ ਤੋਂ ਬਾਹਰਲੇ ਨੁਮਾਇੰਦਿਆਂ ਨੂੰ ਇੱਥੋਂ ਦੀਆਂ ਇਤਿਹਾਸਕ ਥਾਵਾਂ ਵੀ ਦਿਖਾਈਆਂ ਜਾਣਗੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਇਸ ਸੈਮੀਨਾਰ ਦੌਰਾਨ ਸ਼ਾਮ ਵੇਲੇ ਕੌਮੀ ਪੱਧਰ ਦੇ ਕਵੀ ਦਰਬਾਰ ਤੇ ਨਾਟਕ ਵੀ ਕਰਵਾਏ ਜਾਣਗੇ।