ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਅਪਰੈਲ
‘ਜੱਲ੍ਹਿਆਂਵਾਲਾ ਬਾਗ: ਅਤੀਤ ਤੇ ਵਰਤਮਾਨ’ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਅੱਜ ਇਹ ਸੁਨੇਹਾ ਦਿੰਦੀ ਹੋਈ ਸਮਾਪਤ ਹੋ ਗਈ ਕਿ ਜਦੋਂ ਵੀ ਸਮਾਜ ਵਿੱਚ ਜਨਰਲ ਡਾਇਰ ਤੇ ਓ’ਡਵਾਇਰ ਪੈਦਾ ਹੋਣਗੇ ਤਾਂ ਉਨ੍ਹਾਂ ਨੂੰ ਰੋਕਣ ਲਈ ਅਤੇ ਉਨ੍ਹਾਂ ਅੱਗੇ ਸੀਨਾ ਤਾਨਣ ਲਈ ਊਧਮ ਸਿੰਘ ਤੇ ਭਗਤ ਸਿੰਘ ਵੀ ਆਉਣਗੇ। ਅੱਜ ਦੂਜੇ ਦਿਨ ਵੀ ਵਿਰੋਧੀ ਸੁਰਾਂ ਨੂੰ ਦਬਾਉਣ ਖ਼ਿਲਾਫ਼ ਵਰਤੇ ਜਾਣ ਵਾਲੇ ਢੰਗ ਤਰੀਕਿਆਂ ਦੀ ਆਲੋਚਨਾ ਕੀਤੀ ਗਈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿੱਚ ਅੱਜ ਇਸ ਕਾਨਫਰੰਸ ਦੇ ਦੂਜੇ ਦਿਨ ਤੀਜਾ ਸੈਸ਼ਨ ‘ਬੋਲ ਕਿ ਲਬ ਆਜ਼ਾਦ ਹੈਂ ਤੇਰੇ’ ਅਤੇ ਚੌਥਾ ਸੈਸ਼ਨ ‘ਆਓ ਕਿ ਕੋਈ ਖ਼ੁਆਬ ਬੁਨੇਂ’ ਕਰਵਾਏ ਗਏ। ਇਸ ਦੌਰਾਨ ਕਵੀ ਦਰਬਾਰ ਦਾ ਬਾਕੀ ਰਹਿ ਗਿਆ ਹਿੱਸਾ ਵੀ ਅੱਜ ਪੂਰਾ ਕੀਤਾ ਗਿਆ। ਇਸ ਦੌਰਾਨ ਕੁਝ ਮਤੇ ਵੀ ਪਾਸ ਕੀਤੇ ਗਏ। ਭਾਵੇਂ ਅੱਜ ਵੀ ਮੇਜ਼ਬਾਨ ਯੂਨੀਵਰਸਿਟੀ ਦੇ ਅਧਿਕਾਰੀ ਸੈਸ਼ਨ ਦੌਰਾਨ ਹਾਜ਼ਰ ਰਹੇ ਅਤੇ ਕਾਨਫਰੰਸ ਦੇ ਪ੍ਰਬੰਧਕਾਂ ਵਲੋਂ ਵੀ ਬੁਲਾਰਿਆਂ ਨੂੰ ਆਪਣੇ ਭਾਸ਼ਨ ਵਿਸ਼ੇ ’ਤੇ ਕੇਂਦ੍ਰਿਤ ਰੱਖਣ ਲਈ ਕਿਹਾ ਗਿਆ, ਇਸ ਦੇ ਬਾਵਜੂਦ ਬੁਲਾਰਿਆਂ ਨੇ ਹਾਕਮ ਧਿਰਾਂ ਖ਼ਿਲਾਫ਼ ਆਪਣੀਆਂ ਸੁਰਾਂ ਤਿੱਖੀਆਂ ਰੱਖੀਆਂ।
ਅੱਜ ਤੀਜਾ ਸੈਸ਼ਨ ਦੀ ਪ੍ਰਧਾਨਗੀ ਬਿਹਾਰ ਵਿੱਚ ਤਿੰਨ ਵਾਰ ਵਿਧਾਇਕ ਰਹੇ ਰਾਜਿੰਦਰ ਰਾਜਨ ਨੇ ਕੀਤੀ। ਇਸ ਸੈਸ਼ਨ ਵਿੱਚ ਰਮੇਸ਼ ਯਾਦਵ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਸੈਸ਼ਨ ਦੇ ਬੁਲਾਰਿਆਂ ਵਿੱਚ ਆਸ਼ੀਸ਼ ਤ੍ਰਿਪਾਠੀ, ਡਾ. ਸਰਬਜੀਤ ਸਿੰਘ, ਵਿਨੀਤ ਤਿਵਾੜੀ, ਪ੍ਰੋ. ਜਸਬੀਰ ਸਿੰਘ, ਪ੍ਰੋ. ਗੁਰਦੇਵ ਸਿੰਘ ਸਿੱਧੂ ਤੇ ਝਾਰਖੰਡ ਤੋਂ ਆਏ ਸ਼ੇਲਿੰਦਰ ਸ਼ਾਮਲ ਸਨ। ਪ੍ਰਧਾਨਗੀ ਭਾਸ਼ਨ ਵਿੱਚ ਰਾਜਿੰਦਰ ਰਾਜਨ ਨੇ ਆਖਿਆ ਕਿ ਜੱਲ੍ਹਿਆਂਵਾਲਾ ਬਾਗ ਕਤਲੇਆਮ ਦੀ ਲਗਪਗ ਸਦੀ ਬੀਤ ਜਾਣ ਮਗਰੋਂ ਬ੍ਰਿਟਿਸ਼ ਹਕੂਮਤ ਨੇ ਇਸ ਘਟਨਾ ’ਤੇ ਅਫ਼ਸੋਸ ਪ੍ਰਗਟਾਉਂਦੇ ਹੋਏ ਸਿਰ ਝੁਕਾਇਆ ਹੈ। ਉਨ੍ਹਾਂ ਆਖਿਆ ਕਿ ਦੇਸ਼ ਵੰਡ ਤੋਂ ਬਾਅਦ ਵੀ ਦੇਸ਼ ਵਿੱਚ ਕਤਲੇਆਮ ਤੇ ਦੰਗੇ ਹੋਏ ਹਨ, ਕੀ ਮੌਜੂਦਾ ਹਾਕਮ ਵੀ ਇਨ੍ਹਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਸਿਰ ਝੁਕਾਉਣਗੇ। ਉਨ੍ਹਾਂ ਕਿਹਾ ਕਿ ਕੀ ਮੌਜੂਦਾ ਹਾਕਮਾਂ ਕੋਲੋਂ ਇਸ ਦੀ ਉਮੀਦ ਜਾਂ ਮੰਗ ਕੀਤੀ ਜਾ ਸਕਦੀ ਹੈ। ਸ੍ਰੀ ਰਾਜਨ ਨੇ ਕਿਹਾ ਕਿ ਅੱਜ ਹਾਕਮਾਂ ਵੱਲੋਂ ਹਿੰਦੂਤਵੀ ਰਾਸ਼ਟਰਵਾਦ ਸਥਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦਾ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਰਾਸ਼ਟਰਵਾਦ, ਜੱਲ੍ਹਿਆਂਵਾਲਾ ਬਾਗ ਅਤੇ ਸ਼ਹੀਦ ਭਗਤ ਸਿੰਘ ਦੀ ਦੇਸ਼ ਭਗਤੀ ਵਾਲਾ ਰਾਸ਼ਟਰਵਾਦ ਹੈ। ਅਨੇਕਤਾ ਵਿੱਚ ਏਕਤਾ ਹੀ ਦੇਸ਼ ਦੀ ਸੰਸਕ੍ਰਿਤੀ ਹੈ ਤੇ ਇਸ ਨੂੰ ਬਚਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਅੱਜ ਜੱਲ੍ਹਿਆਂਵਾਲਾ ਬਾਗ ਦੀ ਧਰਤੀ ਤੋਂ ਇਸ ਸੰਘਰਸ਼ ਲਈ ਤਾਕਤ ਲੈਣ ਆਏ ਹਨ। ਮੁੱਖ ਬੁਲਾਰੇ ਨੇ ਕਿਹਾ ਕਿ 13 ਅਪਰੈਲ 1919 ਨੂੰ ਵੀ ਲਬਾਂ ਦੀ ਆਜ਼ਾਦੀ ਦੀ ਗੱਲ ਹੋ ਰਹੀ ਸੀ ਤੇ ਅੱਜ ਸਦੀ ਬਾਅਦ ਵੀ ਲਬਾਂ ਦੀ ਆਜ਼ਾਦੀ ਦੀ ਗੱਲ ਕੀਤੀ ਜਾ ਰਹੀ ਹੈ। ਅੱਜ ਵਿਸਾਖੀ ਦਾ ਦਿਨ ਨਹੀਂ ਹੈ, ਪਰ ਅੱਜ ਵੀ ਅਪਰੈਲ ਦਾ ਮਹੀਨਾ ਤੇ ਐਤਵਾਰ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਲਬਾਂ ਦੀ ਆਜ਼ਾਦੀ ਦਿਮਾਗ ਦੀ ਆਜ਼ਾਦੀ ਨਾਲ ਜੁੜੀ ਹੈ। ਉਨ੍ਹਾਂ ਗ਼ਦਰੀ ਬਾਬਿਆਂ ਅਤੇ ਕੂਕਾ ਅੰਦੋਲਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਵੇਲੇ ਰੋਲਟ ਐਕਟ ਬਹਾਨੇ ਪੰਜਾਬ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਇਥੇ ਦਿਮਾਗੀ ਆਜ਼ਾਦੀ ਦੇ ਪਰਵਾਨੇ ਮੌਜੂਦ ਸਨ। ਅੰਗਰੇਜ਼ੀ ਹਾਕਮ ਪੰਜਾਬੀਆਂ ਦਾ ਸਿਰ ਝੁਕਾਅ ਕੇ ਦੇਸ਼ ਦਾ ਸਿਰ ਝੁਕਾਉਣਾ ਚਾਹੁੰਦੇ ਸਨ। ਇਸੇ ਲਈ 6 ਅਪਰੈਲ 1919 ਦੀ ਹੜਤਾਲ ਅੰਮ੍ਰਿਤਸਰ ਵਿੱਚ ਵਧੇਰੇ ਖਤਰਨਾਕ ਸਾਬਤ ਹੋਈ। ਸ੍ਰੀ ਰਾਜਨ ਨੇ ਕਿਹਾ ਕਿ ਅੰਗਰੇਜ਼ੀ ਹਾਕਮਾਂ ਨੇ ਪੰਜਾਬੀਆਂ ਦੀ ਪੱਗ ਰੋਲ ਕੇ ਅਸਲ ਵਿੱਚ ਦੇਸ਼ ਦੀ ਪੱਗ ਰੋਲਣ ਦਾ ਫੈ਼ਸਲਾ ਕੀਤਾ ਸੀ, ਜਿਸ ਦਾ ਸਿੱਟਾ ਜੱਲ੍ਹਿਆਂਵਾਲਾ ਬਾਗ ਕਤਲੇਆਮ ਸੀ। ਪਰ ਇਸ ਕਤਲੇਆਮ ਨੇ ਦੇਸ਼ ਨੂੰ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਵਰਗੇ ਕਈ ਸੂਰਮੇ ਦਿੱਤੇ, ਜਿਨ੍ਹਾਂ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਇਆ। ਉਨ੍ਹਾਂ ਕਿਹਾ ਕਿ ਅੱਜ ਵੀ ਜਦੋਂ ਕਿਸੇ ਥਾਂ ’ਤੇ ਅਜਿਹਾ ਵਰਤਾਰਾ ਹੁੰਦਾ ਹੈ ਤਾਂ ਉਸ ਖ਼ਿਲਾਫ਼ ਵਿਰੋਧ ਕਰਨ ਦੀ ਲੋੜ ਹੈ ਤੇ ਅਜਿਹੇ ਵਰਤਾਰੇ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਣਾ ਚਾਹੀਦਾ ਹੈ। ਇਸ ਕੰਮ ਲਈ ਚੇਤਨਾ ਜਗਾਉਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਪ੍ਰੋ. ਗੁਰਦੇਵ ਸਿੰਘ ਸਿੱਧੂ ਨੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਅੰਗਰੇਜ਼ੀ ਹਕੂਮਤ ਵੱਲੋਂ ਇਸ ਸਬੰਧੀ ਜ਼ਬਤ ਕੀਤੇ ਸਾਹਿਤ ਬਾਰੇ ਜਾਣਕਾਰੀ ਦਿੱਤੀ। ਇਸ ਸਬੰਧ ਵਿੱਚ ਉਨ੍ਹਾਂ ‘ਟ੍ਰਿਬਿਊਨ’ ਅਖਬਾਰ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਹਕੂਮਤ ਨੇ ਬਾਗੀ ਸੁਰਾਂ ਦਬਾਉਣ ਲਈ ਕਈ ਕਾਨੂੰਨ ਬਣਾਏ ਸਨ, ਜਿਸ ਰਾਹੀਂ ਲੋਕਾਂ ’ਤੇ ਤਸ਼ੱਦਦ ਕੀਤਾ ਗਿਆ।
ਪੰਜਾਬੀ ਯੂਨੀਵਰਸਿਟੀ ਦੇ ਡਾ. ਜਸਬੀਰ ਸਿੰਘ ਨੇ ਆਖਿਆ ਕਿ ਇਸ ਕਤਲੇਆਮ ਨੇ ਉਸ ਵੇਲੇ ਦੇ ਕਈ ਲੇਖਕਾਂ ਅਤੇ ਸਾਹਿਤਕਾਰਾਂ ਦੀ ਚੁੱਪ ਵੀ ਤੋੜੀ ਸੀ। ਬਨਾਰਸ ਯੂਨੀਵਰਸਿਟੀ ਤੋਂ ਆਸ਼ੀਸ਼ ਤ੍ਰਿਪਾਠੀ ਨੇ ਆਖਿਆ ਕਿ ਜੱਲ੍ਹਿਆਂਵਾਲਾ ਬਾਗ ਕਤਲੇਆਮ ਨੇ ਅੰਗਰੇਜ਼ੀ ਹਕੂਮਤ ਦਾ ਪੰਜਾਬੀਆਂ ਬਾਰੇ ਬਣਿਆ ਭਰਮ ਤੋੜਿਆ ਸੀ। ਉਹ ਪੰਜਾਬੀਆਂ ਨੂੰ ਆਪਣੇ ਵਫਾਦਾਰ ਮੰਨਦੇ ਸਨ ਤੇ ਉਸ ਵੇਲੇ ਅੰਗਰੇਜ਼ੀ ਫੌਜ ਵਿੱਚ ਵਧੇਰੇ ਭਰਤੀ ਪੰਜਾਬ ਤੋਂ ਹੁੰਦੀ ਸੀ। ਹਿੰਦੀ ਤੇ ਉਰਦੂ ਭਾਸ਼ਾਈ ਇਲਾਕਿਆਂ ਵਿੱਚੋਂ ਭਰਤੀ ਨਹੀਂ ਸੀ ਕੀਤੀ ਜਾਂਦੀ। ਇਸ ਸਬੰਧੀ ਲਿਖਤੀ ਆਦੇਸ਼ ਵੀ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਵੀ ਦੇਸ਼ ਦੇ ਕਸਬਿਆਂ, ਸ਼ਹਿਰਾਂ ਤੇ ਪਿੰਡਾਂ ਵਿੱਚ ਕਈ ਜਨਰਲ ਡਾਇਰ ਮੌਜੂਦ ਹਨ ਤੇ ਉਨ੍ਹਾਂ ਨੂੰ ਰੋਕਣ ਵਾਲੇ ਵੀ ਅੱਗੇ ਜ਼ਰੂਰ ਆਉਣਗੇ। ਪੰਜਾਬ ਯੂਨੀਵਰਸਿਟੀ ਤੋਂ ਡਾ. ਸਰਬਜੀਤ ਸਿੰਘ ਤੇ ਝਾਰਖੰਡ ਤੋਂ ਸ਼ੈਲੇਂਦਰ ਨੇ ਵੀ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਧੰਨਵਾਦੀ ਸ਼ਬਦਾਂ ਨਾਲ ਇਸ ਸੈਸ਼ਨ ਦੀ ਸਮਾਪਤੀ ਕੀਤੀ।
ਉਪਰੰਤ ਕੱਲ੍ਹ ਦੇ ਰਹਿ ਗਏ ਕਵੀ ਦਰਬਾਰ ਲਈ ਸੈਸ਼ਨ ਦਾ ਬਾਕੀ ਹਿੱਸਾ ਮੁਕੰਮਲ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਨਰੇਸ਼ ਸਕਸੈਨਾ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਡਾ. ਸਰਬਜੀਤ ਕੌਰ ਸੋਹਲ ਸ਼ਾਮਲ ਹੋਏ। ਇਸ ਮੌਕੇ ਗੁਰਬਾਜ਼ ਸਿੰਘ ਛੀਨਾ, ਮਹਾਬੀਰ ਸਿੰਘ ਗਿੱਲ, ਰਤਨ ਸਿੰਘ ਢਿੱਲੋਂ, ਹਰੀ ਸਿੰਘ ਗਰੀਬ ਤੇ ਹੋਰਨਾਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਅਲੋਕ ਧੰਨਵਾ, ਦੇਵੀ ਪ੍ਰਸਾਦਿ ਮਿਸ਼ਰ, ਬਲੀ ਸਿੰਘ ਚੀਮਾ ਤੇ ਹੋਰ ਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਸਨ।
ਇਸ ਮਗਰੋਂ ਕਾਨਫਰੰਸ ਦੇ ਚੌਥੇ ਤੇ ਆਖਰੀ ਸੈਸ਼ਨ ‘ਆਓ ਕਿ ਕੋਈ ਖ਼ੁਆਬ ਬੁਨੇਂ’ ਦੀ ਪ੍ਰਧਾਨਗੀ ਸੁਵਰਨ ਸਿੰਘ ਵਿਰਕ ਨੇ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਤਨਾਮ ਸਿੰਘ ਚਾਨਾ ਹਾਜ਼ਰ ਸਨ। ਸੈਸ਼ਨ ਦੀ ਬੁਲਾਰਾ ਸੁਨੀਤਾ ਗੁਪਤਾ ਨੇ ਕਿਹਾ ਕਿ ਜਿਨ੍ਹਾਂ ਨੇ ਬੇਟੀ ਪੜ੍ਹਾਉਣ ਦੀ ਗੱਲ ਕੀਤੀ ਸੀ, ਉਹ ਲੋਕ ਹੁਣ ਹਿਜਾਬ ਦੇ ਨਾਂ ’ਤੇ ਲੜਕੀਆਂ ਲਈ ਵਿਦਿਅਕ ਸੰਸਥਾਵਾਂ ਦੇ ਦਰਵਾਜ਼ੇ ਬੰਦ ਕਰ ਰਹੇ ਹਨ। ਸਾਰਿਕਾ ਸ੍ਰੀਵਾਸਤਵ ਨੇ ਕਿਹਾ ਕਿ ਦੇਸ਼ ਵਿੱਚ ਬੁਲਡੋਜ਼ਰ ਗਰੀਬਾਂ ਦੇ ਸੁਫ਼ਨਿਆਂ ’ਤੇ ਚੱਲ ਰਿਹਾ ਹੈ, ਇਸ ਲਈ ਇਸ ਦਾ ਆਨੰਦ ਨਾ ਮਾਣਿਆ ਜਾਵੇ ਅਤੇ ਨਾ ਹੀ ਇਹ ਕੋਈ ਫਿਲਮੀ ਸੀਨ ਹੈ। ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਪੰਜਾਬੀ ਲੋਕ ਹਮੇਸ਼ਾਂ ਹੀ ਦੇਸ਼ ਦੇ ਹੱਕ ਵਿੱਚ ਖੜ੍ਹੇ ਹੋਏ ਹਨ। ਉਨ੍ਹਾਂ ਨੇ ਅੰਦਰੂਨੀ ਤੇ ਬਾਹਰੀ ਹਮਲਿਆਂ ਦਾ ਡਟ ਕੇ ਸਾਹਮਣਾ ਕੀਤਾ ਹੈ ਤੇ ਅਗਾਂਹ ਵੀ ਕਰਦੇ ਰਹਿਣਗੇ।
ਮਹਾਰਾਸ਼ਟਰ ਤੋਂ ਰਾਕੇਸ਼ ਵਾਨਖੇੜੇ ਨੇ ਕਿਹਾ ਕਿ ਜਬਰ ਕਰਨ ਵਾਲੀਆਂ ਸਰਕਾਰਾਂ ਖ਼ਿਲਾਫ਼ ਜੰਗ ਹਮੇਸ਼ਾਂ ਜਾਰੀ ਰਹੇਗੀ। ਸੰਜੀਵਨ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦਾ ਇਤਿਹਾਸ ਲਹੂ ਭਰਿਆ ਹੈ, ਜਿਸ ਦੇ ਜ਼ਖ਼ਮ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ। ਵੰਦਨਾ ਚੌਬੇ ਨੇ ਕਿਹਾ ਕਿ ਕੁਝ ਚਿੰਤਕਾਂ ਨੇ ਬਹੁਤ ਸਮਾਂ ਪਹਿਲਾਂ ਜਿਨ੍ਹਾਂ ਮੁੱਦਿਆਂ ’ਤੇ ਚਿੰਤਾ ਜ਼ਾਹਰ ਕੀਤੀ ਸੀ, ਉਹ ਅੱਜ ਸੱਚ ਸਾਬਤ ਹੋ ਰਹੇ ਹਨ। ਡਾ. ਜਲਵੰਤ ਸਿੰਘ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਰੋਸ ਵਜੋਂ ਦੋ ਸਿਪਾਹੀਆਂ ਸੋਹਣ ਸਿੰਘ ਜਲਾਲਉਸਮਾ ਤੇ ਦਰਸ਼ਨ ਸਿੰਘ ਫੇਰੂਮਾਨ ਨੇ ਬਗਾਵਤ ਕੀਤੀ ਸੀ, ਪਰ ਅਫਸੋਸ ਦੀ ਗੱਲ ਹੈ ਕਿ ਉਨ੍ਹਾਂ ਸਿਪਾਹੀਆਂ ਦਾ ਕਦੇ ਕੋਈ ਜ਼ਿਕਰ ਨਹੀਂ ਹੋਇਆ। ਡਾ. ਮਿਥਲੇਸ਼ ਨੇ ਕਿਹਾ ਕਿ ਸਾਡੇ ਵੱਡੇ ਗੋਰਿਆਂ ਨਾਲ ਲੜੇ ਸਨ ਤੇ ਅੱਜ ਅਸੀਂ ਕਥਿਤ ਚੋਰਾਂ ਨਾਲ ਲੜ ਰਹੇ ਹਾਂ। ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਸਮਾਜ ਵਿੱਚ ਆਰਥਿਕ ਬਰਾਬਰੀ ਲਈ ਸੰਗਠਿਤ ਹੋਣ ਦੀ ਲੋੜ ਹੈ।
ਇਸ ਮੌਕੇ ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ, ਗੁਰਬਾਜ ਸਿੰਘ ਛੀਨਾ, ਕਮਲ ਗਿੱਲ, ਗੁਰਜਿੰਦਰ ਸਿੰਘ ਬਘਿਆੜੀ, ਭਗਵੰਤ ਰਸੂਲਪੁਰੀ, ਜਗਰੂਪ ਸਿੰਘ ਐਮਾਂ, ਅਵਤਾਰ ਸਿੰਘ ਓਠੀ, ਬਲਵਿੰਦਰ ਸਿੰਘ ਚਾਹਲ, ਡਾ. ਕਸ਼ਮੀਰ ਸਿੰਘ, ਹਰਜਿੰਦਰਪਾਲ ਕੌਰ ਕੰਗ, ਕਰਮਜੀਤ ਕੌਰ ਜੱਸਲ, ਡਾ. ਹੀਰਾ ਸਿੰਘ, ਡਾ. ਪਰਮਿੰਦਰ ਸਿੰਘ, ਰਵਿੰਦਰ ਰਵੀ ਲਲਕਾਰ, ਡਾ. ਆਤਮ ਸਿੰਘ ਰੰਧਾਵਾ, ਡਾ. ਅਮਨਦੀਪ ਬੱਲ ਤੇ ਡਾ. ਅਮਨਦੀਪ ਕੌਰ ਹਾਜ਼ਰ ਸਨ।
ਪੰਜਾਬੀ ਤੇ ਅੰਗਰੇਜ਼ੀ ਸਿਪਾਹੀਆਂ ਦੇ ਤਨਖ਼ਾਹ ਵਿਚਲੇ ਫਰਕ ਕਾਰਨ ਫੌਜ ਵਿੱਚ ਸ਼ੁਰੂ ਹੋਈ ਸੀ ਬਗ਼ਾਵਤ: ਸੁਵਰਨ
ਦੂਜੇ ਸੈਸ਼ਨ ਦੇ ਪ੍ਰਧਾਨਗੀ ਭਾਸ਼ਨ ਵਿੱਚ ਸਿਰਸਾ ਤੋਂ ਨਾਮਧਾਰੀ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਅੰਗਰੇਜ਼ਾਂ ਵੇਲੇ ਅੰਗਰੇਜ਼ ਸਿਪਾਹੀਆਂ ਤੇ ਪੰਜਾਬੀ ਸਿਪਾਹੀਆਂ ਦੀ ਤਨਖਾਹ ਵਿਚਲੇ ਵੱਡੇ ਫਰਕ ਨੇ ਵੀ ਇਸ ਨਾਬਰਾਬਰੀ ਖ਼ਿਲਾਫ਼ ਫੌਜ ਵਿੱਚ ਬਗਾਵਤ ਸ਼ੁਰੂ ਕੀਤੀ ਸੀ। ਉਨ੍ਹਾਂ ਆਜ਼ਾਦੀ ਸੰਗਰਾਮ ਵਿੱਚ ਕੂਕਿਆਂ ਤੇ ਹੋਰ ਲਹਿਰਾਂ ਵੱਲੋਂ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਸਤਨਾਮ ਸਿੰਘ ਚਾਨਾ, ਰਵਿੰਦਰਾ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ। ਇਸ ਮੌਕੇ ਕੁਝ ਮਤਿਆਂ ਰਾਹੀਂ ਜੱਲ੍ਹਿਆਂਵਾਲਾ ਬਾਗ ਦੇ ਪੁਰਾਤਨ ਸਰੂਪ ਨੂੰ ਬਹਾਲ ਕਰਨ, ਅਟਾਰੀ ਸਰਹੱਦ ’ਤੇ ਦੇਸ਼ ਵੰਡ ਵੇਲੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਉਸਾਰੀ ਯਾਦਗਾਰ ਨੂੰ ਮੁੜ ਸਥਾਪਤ ਕਰਨ, ਦੇਸ਼ ਵਿੱਚ ਵੱਧ ਰਹੀ ਫਿਰਕੂ ਹਿੰਸਾ ’ਤੇ ਚਿੰਤਾ ਦਾ ਪ੍ਰਗਟਾਵਾ ਤੇ ਜੱਲ੍ਹਿਆਂਵਾਲਾ ਬਾਗ ਦੇ ਸਾਂਝੇ ਸੰਘਰਸ਼ ਦੀ ਗਾਥਾ ਨੂੰ ਦੇਸ਼ ਭਰ ਵਿੱਚ ਪ੍ਰਚਾਰਨ ਤੇ ਪ੍ਰਸਾਰਨ ਦਾ ਫੈ਼ਸਲਾ ਕੀਤਾ ਗਿਆ। ਇਕ ਮਤੇ ਰਾਹੀਂ ਰੂਸ-ਯੂਕਰੇਨ ਜੰਗ ਵੇਲੇ ਬਣ ਰਹੀਆਂ ਪ੍ਰਸਥਿਤੀਆਂ ਨਾਲ ਨਜਿੱਠਣ ਲਈ ਸਰਕਾਰਾਂ ਤੇ ਕੌਮਾਂਤਰੀ ਵਿਸ਼ਵ ਭਾਈਚਾਰੇ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਮੂਹ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਕੋਈ ਸੈਲਫ਼ੀ ਪੁਆਇੰਟ ਨਹੀਂ ਹੈ, ਸਗੋਂ ਮਨੁੱਖੀ ਦਰਦ ਦੀ ਜਿਉਂਦੀ ਜਾਗਦੀ ਦਾਸਤਾਨ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪੁਰਾਤਨਤਾ ਨੂੰ ਬਹਾਲ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਲੇਖਕਾਂ, ਕਵੀਆਂ, ਇਤਿਹਾਸਕਾਰਾਂ ਤੇ ਸਾਹਿਤਕਾਰਾਂ ਸਮੇਤ ਨੌਜਵਾਨਾਂ ਨੂੰ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਆਪਣੀ ਵਿਰਾਸਤ ਨੂੰ ਸਾਂਭ ਕੇ ਅਗਲੀ ਪੀੜ੍ਹੀ ਲਈ ਕਾਇਮ ਰੱਖ ਸਕਦੀ ਹੈ। ਅੱਜ ਵੀ ਸੈਸ਼ਨ ਦੌਰਾਨ ਵੱਖ-ਵੱਖ ਪੁਸਤਕਾਂ ਅਤੇ ਸੋਵੀਨਾਰ ਵੀ ਰਿਲੀਜ਼ ਕੀਤੇ ਗਏ।