ਗਗਨਦੀਪ ਅਰੋੜਾ
ਲੁਧਿਆਣਾ, 30 ਦਸੰਬਰ
ਸੂਬੇ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਣ ਵਾਲੀਆਂ ਸਨਅਤਾਂ ਸਾਲ 2020 ’ਚ ਕਦੇ ਮੰਦੀ ਤੇ ਕਦੇ ਤੇਜ਼ੀ ਦੇ ਚੱਕਰ ਵਿੱਚ ਫਸੀਆਂ ਰਹੀਆਂ। ਹਾਲਾਤ ਇਹ ਰਹੇ ਕਿ ਜਦੋਂ ਸਨਅਤਕਾਰਾਂ ਦੇ ਕਾਰੋਬਾਰਾਂ ਵਿੱਚ ਤੇਜ਼ੀ ਦਾ ਸਮਾਂ ਸੀ ਤਾਂ ਉਦੋਂ ਕਦੇ ਲੇਬਰ ਨਹੀਂ ਤੇ ਕਦੇ ਆਵਾਜਾਈ ਠੱਪ ਹੋਣ ਕਾਰਨ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਪਰ ਫਿਰ ਕਈ ਮਹੀਨਿਆਂ ਤਕ ਕਰੋਨਾ ਲੌਕਡਾਊਨ ਦੌਰਾਨ ਆਪਣੀਆਂ ਫੈਕਟਰੀਆਂ ਬੰਦ ਰੱਖਣ ਵਾਲੇ ਸਨਅਤਕਾਰਾਂ ਨੇ ਇਸ 2020 ਸਾਲ ਨੂੰ ਮੁਸਕਰਾਉਂਦੇ ਹੋਏ ਕੱਢ ਦਿੱਤਾ। ਸਨਅਤਕਾਰਾਂ ਦੀ ਮੰਨੀਏ ਤਾਂ ਇਸ ਸਾਲ ਕੰਮ ਵਿੱਚ ਤੇਜ਼ੀ ਵੀ ਸਭ ਤੋਂ ਵੱਧ ਆਈ ਤੇ ਮੰਦੀ ਵੀ। ਹੁਣ ਲੁਧਿਆਣਾ ਦੇ ਸਨਅਤਕਾਰ ਅਰਦਾਸ ਕਰ ਰਹੇ ਹਨ ਕਿ 2021 ਸਨਅਤਾਂ ਲਈ ਚੰਗਾ ਚੜ੍ਹੇ ਤੇ ਜਿਸ ਤਰ੍ਹਾਂ ਮੌਜੂਦਾ ਸਮੇਂ ਦੌਰਾਨ ਸਾਈਕਲ, ਹੌਜ਼ਰੀ ਤੇ ਸਟੀਲ ਕਾਰੋਬਾਰ ਵਿੱਚ ਤੇਜ਼ੀ ਹੈ, ਉਹ ਅਗਲੇ ਸਾਲ ਵੀ ਬਰਕਰਾਰ ਰਹੇ।
ਦਰਅਸਲ, ਮਾਨਚੈਸਟਰ ਆਫ ਇੰਡੀਆ ਦੇ ਨਾਂ ਨਾਲ ਮਸ਼ਹੂਰ ਲੁਧਿਆਣਾ ਵਿੱਚ ਕਈ ਤਰ੍ਹਾਂ ਦੀਆਂ ਸਨਅਤਾਂ ਚੱਲ ਰਹੀਆਂ ਹਨ। ਸਾਈਕਲ ਬਣਾਉਣ, ਹੌਜ਼ਰੀ ਦੇ ਮਾਲ ਤੇ ਸਟੀਲ ਦੇ ਕਾਰੋਬਾਰ ਵਿੱਚ ਤਾਂ ਲੁਧਿਆਣਾ ਦੀਆਂ ਸਨਅਤਾਂ ਦਾ ਨਾਂ ਮੂਹਰਲੀ ਕਤਾਰ ਵਿੱਚ ਆਉਂਦਾ ਹੈ ਪਰ ਸਾਲ 2020 ਦੇ ਮਾਰਚ ਮਹੀਨੇ ਇਨ੍ਹਾਂ ਸਨਅਤਾਂ ’ਤੇ ਲੌਕਡਾਊਨ ਨੇ ਪਹਿਲੀ ਵਾਰ ਤਾਲੇ ਲਗਾ ਦਿੱਤੇ। ਆਪਣੇ ਘਰ-ਬਾਰ ਛੱਡ ਕੇ ਲੁਧਿਆਣਾ ਰੋਜ਼ੀ-ਰੋਟੀ ਲਈ ਆਏ 15 ਲੱਖ ਮਜ਼ਦੂਰ ਕਮਰਿਆਂ ਵਿੱਚ ਬੰਦ ਹੋ ਗਏ ਤੇ ਹਾਲਾਤ ਨੂੰ ਦੇਖਦਿਆਂ ਉਨ੍ਹਾਂ ਪੈਦਲ ਹੀ ਆਪਣੇ ਪਿੱਤਰੀ ਪਿੰਡਾਂ ਵੱਲ ਚਾਲੇ ਪੈ ਦਿੱਤੇ। ਮਈ-ਜੂਨ ਆਉਂਦਿਆਂ ਲੌਕਡਾਊਨ ਖੋਲ੍ਹਣ ਨਾਲ ਫੈਕਟਰੀਆਂ ਤਾਂ ਖੁੱਲ੍ਹ ਗਈਆਂ ਸਨ ਪਰ ਉਨ੍ਹਾਂ ਅੰਦਰ ਕੰਮ ਕਰਨ ਵਾਲੇ 70 ਫੀਸਦੀ ਮਜ਼ਦੂਰ ਪਿੰਡਾਂ ਨੂੰ ਪਰਤ ਗਏ ਸਨ, ਜਿਸ ਦੇ ਬਾਵਜੂਦ ਲੁਧਿਆਣਾ ਦੇ ਸਨਅਤਕਾਰਾਂ ਨੇ ਦੁਬਾਰਾ ਆਪਣੇ ਕੰਮ ਨੂੂੰ ਲੀਹ ’ਤੇ ਲਿਆਂਦਾ। ਜੁਲਾਈ-ਅਗਸਤ ਮਹੀਨੇ ਲੁਧਿਆਣਾ ਦੀਆਂ ਸਨਅਤਾਂ ’ਚ ਕੰਮ ਪੂਰੀ ਤੇਜ਼ੀ ਨਾਲ ਸ਼ੁਰੂ ਹੋ ਗਿਆ ਸੀ ਪਰ ਫਿਰ ਕਿਸਾਨੀ ਅੰਦੋਲਨ ਕਾਰਨ ਬੰਦ ਹੋਈਆਂ ਮਾਲ-ਗੱਡੀਆਂ ਕਾਰਨ ਸਾਰੀਆਂ ਸਨਅਤਾਂ ’ਤੇ ਵੱਡੀ ਮਾਰ ਪਈ। ਇਸ ਦੇ ਬਾਵਜੂਦ ਲੁਧਿਆਣਾ ਦੇ ਸਨਅਤਕਾਰਾਂ ਨੇ ਹਿੰਮਤ ਨਹੀਂ ਹਾਰੀ ਤੇ ਸੜਕੀ ਮਾਰਗ ਰਾਹੀਂ ਆਪਣਾ ਤਿਆਰ ਕੀਤਾ ਮਾਲ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਸੀ।
ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਦਾ ਕਹਿਣਾ ਹੈ ਕਿ ਸਾਲ 2020 ਸਨਅਤਾਂ ਲਈ ਬਹੁਤਾ ਚੰਗਾ ਨਹੀਂ ਰਿਹਾ। ਕਈ ਮਹੀਨੇ ਸਨਅਤਕਾਰਾਂ ਦੀਆਂ ਫੈਕਟਰੀਆਂ ਬੰਦ ਰਹੀਆਂ ਤੇ ਉਨ੍ਹਾਂ ਨੂੰ ਬੈਂਕਾਂ ਦੇ ਵਿਆਜ ਤੇ ਹੋਰ ਫਿਕਸ ਖ਼ਰਚੇ ਪੈਂਦੇ ਰਹੇ, ਜਿਸ ਕਾਰਨ ਸਨਅਤਕਾਰ ਪੂਰਾ ਸਾਲ ਹੀ ਇਨ੍ਹਾਂ ਚੱਕਰਾਂ ਵਿੱਚ ਫਸਿਆ ਰਿਹਾ। ਆਹੂਜਾ ਮੁਤਾਬਕ ਇੰਨਾ ਜ਼ਰੂਰ ਹੈ ਕਿ ਅਗਸਤ-ਸਤੰਬਰ ਤੋਂ ਬਾਅਦ ਕੁੱਝ ਮਹੀਨੇ ਲੁਧਿਆਣਾ ਦੀਆਂ ਸਨਅਤਾਂ ਲਈ ਚੰਗੇ ਰਹੇ, ਹਰ ਟਰੇਡ ਵਿੱਚ ਤੇਜ਼ੀ ਰਹੀ ਪਰ ਦੋ-ਤਿੰਨ ਮਹੀਨੇ ਕੰਮ ਕਰਕੇ ਇੱਕ ਸਾਲ ਦੇ ਖ਼ਰਚੇ ਸਨਅਤਕਾਰ ਨਹੀਂ ਕੱਢ ਸਕਦੇ। ਉਨ੍ਹਾਂ ਕਿਹਾ ਕਿ ਕਰੋਨਾ ਦੇ ਨਾਲ-ਨਾਲ ਮਾਲ ਗੱਡੀਆਂ ਦੇ ਬੰਦ ਰਹਿਣ, ਪੰਜਾਬ ਵਿੱਚ ਬਾਹਰੋਂ ਕੰਟੇਨਰ ਬੰਦਰਗਾਹਾਂ ’ਤੇ ਫਸੇ ਰਹਿਣ ਕਾਰਨ ਵੀ ਸਨਅਤਾਂ ਨੂੰ ਨੁਕਸਾਨ ਝੱਲਣਾ ਪਇਆ ਹੈ। ਇਸ ਦੇ ਬਾਵਜੂਦ ਜਿਵੇਂ ਕਰੋਨਾ ਕਾਲ ਦੌਰਾਨ ਸਨਅਤਕਾਰਾਂ ਨੂੰ ਲੱਗਿਆ ਸੀ ਕਿ ਸਾਲ 2020 ਬਹੁਤ ਨੁਕਸਾਨ ਦੇ ਕੇ ਜਾਏਗਾ, ਉਸ ਵਿੱਚ ਜ਼ਰੂਰ ਸੁਧਾਰ ਰਿਹਾ ਹੈ।
ਲੁਧਿਆਣਾ ਵਿੱਚ ਸਭ ਤੋਂ ਵੱਡੀ ਹੌਜ਼ਰੀ ਸਨਅਤ ਦੀ ਐਸੋਸੇਈਸ਼ੇਨ ਨਿਟਵੀਅਰ ਐਂਡ ਟੈਕਸਟਾਈਲ ਕਲੱਬ ਦੇ ਪ੍ਰਧਾਨ ਵਿਨੋਦ ਥਾਪਰ ਤੇ ਜਨਰਲ ਸਕੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿੱਚ 15 ਤੋਂ 16 ਹਜ਼ਾਰ ਦੇ ਕਰੀਬ ਹੌਜ਼ਰੀ ਤੇ ਟੈਕਸਟਾਈਲ ਯੂਨਿਟ ਹਨ, ਸਾਲ-2020 ਪ੍ਰੋਡਕਸ਼ਨ ਦੇ ਹਿਸਾਬ ਨਾਲ ਤਾਂ ਬਹੁਤਾ ਵਧੀਆ ਨਹੀਂ ਗਿਆ ਕਿਉਂਕਿ ਪੂਰਾ ਸਾਲ ਹੀ ਸਨਅਤਾਂ ਨੇ ਲੇਬਰ ਦੀ ਕਮੀ ਦੀ ਮੁਸ਼ਕਲ ਝੱਲੀ, ਹੌਜ਼ਰੀ ਵਾਲਿਆਂ ਨੇ ਬਾਕੀ ਸਾਲਾਂ ਦੇ ਮੁਕਾਬਲੇ 60 ਫੀਸਦੀ ਕੰਮ ਕੀਤਾ ਪਰ ਇੰਨਾ ਜ਼ਰੂਰ ਰਿਹਾ ਕਿ ਠੰਢ ਪੈਣ ਕਾਰਨ ਇਸ ਵਾਰ ਹੌਜ਼ਰੀ ਵਾਲਿਆਂ ਦਾ 100 ਫੀਸਦੀ ਮਾਲ ਵਿਕ ਗਿਆ। ਕੁਝ ਲੋਕਾਂ ਦਾ ਤਾਂ ਪੁਰਾਣਾ ਪਿਆ ਮਾਲ ਵੀ ਵਿਕ ਗਿਆ। ਇਸ ਸਾਲ ਹੌਜ਼ਰੀ ਵਾਲਿਆਂ ਨੇ ਕਰੀਬ 10 ਹਜ਼ਾਰ ਕਰੋੜ ਰੁਪਏ ਦੀ ਸੇਲ ਕੀਤੀ, ਜਦਕਿ ਪਹਿਲਾਂ ਇਹ ਸੇਲ 15 ਕਰੋੜ ਰੁਪਏ ਹੁੰਦੀ ਹੈ, ਜੋ ਕਿ ਪ੍ਰੋਡਕਸ਼ਨ ਨਾ ਹੋਣ ਕਾਰਨ ਘਟੀ ਹੈ।
ਫੈਡਰੇਸ਼ਨ ਆਫ਼ ਪੰਜਾਬ ਸਮਾਲ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਦੱਸਿਆ ਕਿ ਸਾਲ 2020 ਦੇ ਮਾਰਚ ਤੋਂ ਜੁਲਾਈ ਮਹੀਨੇ ਤਕ ਭਾਵੇਂ ਸਨਅਤਾਂ ਲਈ ਸਮਾਂ ਬਹੁਤਾ ਸਹੀ ਨਹੀਂ ਸੀ ਪਰ ਉਸ ਤੋਂ ਬਾਅਦ ਲੁਧਿਆਣਾ ਵਿੱਚ ਸਾਈਕਲ ਸਨਅਤ, ਹੌਜ਼ਰੀ ਤੇ ਸਟੀਲ ਕਾਰੋਬਾਰ ਕਾਫ਼ੀ ਚੰਗਾ ਗਿਆ ਹੈ। ਲੌਕਡਾਊਨ ਮਗਰੋਂ 60 ਤੋਂ 70 ਫੀਸਦੀ ਲੇਬਰ ਵੀ ਪਿੰਡਾਂ ਤੋਂ ਵਾਪਸ ਆ ਗਈ ਤੇ ਕੰਮ ਚਲਦਾ ਰਿਹਾ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਇਸ ਵਾਰ ਲੁਧਿਆਣਾ ਦੇ ਸਾਈਕਲ ਦੀ ਮੰਗ ਬਹੁਤ ਵਧੀ, ਇੰਡਸਟਰੀ ਹੁਣ ਤਕ ਮਿਲੇ ਆਰਡਰ ਪੂੂਰੇ ਨਹੀਂ ਕਰ ਸਕੀ। ਇਹੀ ਹਾਲ ਹੌਜ਼ਰੀ ਤੇ ਸਟੀਲ ਸਨਅਤਾਂ ਦਾ ਵੀ ਸੀ। ਹੌਜ਼ਰੀ ਤੇ ਸਟੀਲ ਵਾਲਿਆਂ ਨੇ ਜਿੰਨਾ ਵੀ ਮਾਲ ਬਣਾਇਆ, ਉਹ 100 ਫੀਸਦੀ ਵਿਕ ਗਿਆ। ਜਿੰਦਲ ਮੁਤਾਬਕ ਸਨਅਤਕਾਰ ਹੁਣ ਹਰ ਵੇਲੇ ਆਸ ਕਰਦੇ ਹਨ ਕਿ ਨਵਾਂ ਵਰ੍ਹਾਂ 2021 ਸਨਅਤਾਂ ਦੇ ਲਈ ਚੰਗਾ ਚੜ੍ਹੇ। ਨਾਲ ਹੀ ਨਵੇਂ ਵਰ੍ਹੇ ਵਿੱਚ ਜੇਕਰ ਸਰਕਾਰ ਸਨਅਤਾਂ ਦੀ ਬਾਂਹ ਫੜ੍ਹ ਲਵੇ ਤਾਂ ਅਗਲਾ ਸਾਲ ਲੁਧਿਆਣਾ ਦੀਆਂ ਸਨਅਤਾਂ ਲਈ ਕਾਫ਼ੀ ਵਧੀਆ ਲੰਘੇਗਾ।
ਕਰੋਨਾ ਦੀ ਮਾਰ ਵੀ ਪਈ ਤੇ ਫਾਇਦਾ ਵੀ ਹੋਇਆ
ਲੁਧਿਆਣਾ ਦੀਆਂ ਕੁੱਝ ਸਨਅਤਾਂ ’ਤੇ ਜਿੱਥੇ ਕਰੋਨਾ ਦੀ ਬਹੁਤ ਮਾਰ ਪਈ ਉੱਥੇ ਹੀ ਕਰੋਨਾ ਕਾਲ ਦੌਰਾਨ ਸਾਲ 2020 ਕੁੱਝ ਸਨਅਤਾਂ ਲਈ ਕਾਫ਼ੀ ਚੰਗਾ ਵੀ ਰਿਹਾ। ਕਰੋਨਾ ਕਾਰਨ ਜਿੱਥੇ ਲੁਧਿਆਣਾ ਦੇ ਸਾਈਕਲ ਇੰਡਸਟਰੀ ਨੂੰ ਵੱਡਾ ਬੂਮ ਮਿਲਿਆ, ਉਥੇ ਹੀ ਲੁਧਿਆਣਾ ਵਿੱਚ ਮੈਡੀਕਲ ਪ੍ਰੋਡਕਟ ਤਿਆਰ ਹੋਣੇ ਵੀ ਸ਼ੁਰੂ ਹੋ ਗਏ। ਕਰੋਨਾ ਕਾਲ ਦੌਰਾਨ ਹੀ ਲੁਧਿਆਣਾ ਦੀਆਂ ਵੱਡੀਆਂ ਸਨਅਤਾਂ ਨੇ ਪਹਿਲੀ ਵਾਰ ਪੀਪੀਈ ਕਿੱਟ, ਐੱਨ-95 ਮਾਸਕ ਤੇ ਸਰਜੀਕਲ ਮਾਸਕ ਬਣਾਉਣ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਲਗਾ ਦਿੱਤੀਆਂ। ਲੁਧਿਆਣਾ ਦੀਆਂ ਵੱਡੀਆਂ ਸਨਅਤਾਂ ਨੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਪੀਪੀਈ ਕਿੱਟ ਤੇ ਐੱਨ-95 ਮਾਸਕ ਬਣਾ ਕੇ ਪੂਰੇ ਦੇਸ਼ ਵਿੱਚ ਸਪਲਾਈ ਕੀਤੇ। ਕੁੱਝ ਸਨਅਤਕਾਰਾਂ ਨੇ ਤਾਂ ਪੀਪੀਈ ਕਿੱਟ ਤੇ ਮਾਸਕ ਐਕਸਪੋਰਟ ਵੀ ਕੀਤੇ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਨਾ ਤਾਂ ਕਦੇ ਪੀਪੀਈ ਕਿੱਟ ਬਣੀ ਸੀ ਤੇ ਨਾ ਹੀ ਮਾਸਕ।