ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਫਰਵਰੀ
ਪਟਿਆਲਾ ਦੇ ਵਿਧਾਇਕ ਵਜੋਂ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਐਤਕੀਂ ਪੰਜਵੀਂ ਵਾਰ ਮੈਦਾਨ ’ਚ ਉੱਤਰੇ ਹਨ। ਜ਼ਿਮਨੀ ਚੋਣ ਦੌਰਾਨ ਇਕ ਵਾਰ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਵੀ ਸ਼ਹਿਰੀਆਂ ਨੇ ਵਿਧਾਨ ਸਭਾ ਭੇਜਿਆ ਸੀ। ਪ੍ਰਨੀਤ ਕੌਰ ਇਥੋਂ ਚੌਥੀ ਵਾਰ ਸੰਸਦ ਮੈਂਬਰ ਵੀ ਹਨ। ਇਸ ਤੋਂ ਇਲਾਵਾ ਇੱਕ ਵਾਰ ਕੈਪਟਨ ਤੇ ਇੱਕ ਵਾਰ ਉਨ੍ਹਾਂ ਦੇ ਮਾਤਾ ਮਹਿੰਦਰ ਕੌਰ ਵੀ ਇਥੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਇਸ ਵਾਰ ਉਹ ਆਪਣੀ ਮਾਂ ਪਾਰਟੀ ਕਾਂਗਰਸ ਦੀ ਥਾਂ, ਖ਼ੁਦ ਦੀ ਬਣਾਈ ‘ਪੰਜਾਬ ਲੋਕ ਕਾਂਗਰਸ’ ਵੱਲੋਂ ਚੋਣ ਲੜ ਰਹੇ ਹਨ ਤੇ ਇਸ ਵਾਰ ਚੋਣ ਨਿਸ਼ਾਨ ‘ਹੱਥ ਪੰਜਾ’ ਦੀ ਥਾਂ ‘ਹਾਕੀ ਤੇ ਗੇਂਦ’ ਰੱਖਿਆ ਹੈ। ਇਸ ਨਵੀਂ ਪਾਰਟੀ ਤੇ ਨਵੇਂ ਚੋਣ ਨਿਸ਼ਾਨ ’ਤੇ ਲੋਕਾਂ ਦਾ ਵਿਸ਼ਵਾਸ ਕਿੰਨਾ ਬਣਿਆ ਹੈ ਤੇ ਕਿੰਨਾ ਨਹੀਂ, ਇਸ ਬਾਰੇ ਹਾਲੇ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਇਲਾਕੇ ਵਿੱਚ ਵੱਡੀ ਗਿਣਤੀ ਪਰਿਵਾਰ ਅਜਿਹੇ ਵੀ ਹਨ, ਜੋ ਸ਼ਾਹੀ ਪਰਿਵਾਰ ਨਾਲ ਸਾਂਝ ਰੱਖਣ ਦੇ ਬਾਵਜੂਦ ਸਿਅਸੀ ਤੌਰ ’ਤੇ ਕਾਂਗਰਸ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਹਮਾਇਤੀ ਅਜਿਹੇ ਵੋਟਰ ਵੀ ਹਨ, ਜੋ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਚੋਣ ਨਿਸ਼ਾਨ ‘ਹੱਥ ਪੰਜਾ’ ਨੂੰ ਇਕ ਕਰਕੇ ਹੀ ਵੇਖਦੇ ਹਨ। ਅਜਿਹੀ ਸੂਰਤ ’ਚ ਅਮਰਿੰਦਰ ਸਿੰਘ ਖੇਮੇ ਨੂੰ ਵੱਡੇ ਪੱਧਰ ’ਤੇ ਆਪਣੀ ਵੋਟ ਖਰਾਬ ਹੋਣ ਦਾ ਖਦਸ਼ਾ ਹੈ। ਇਹੀ ਕਾਰਨ ਹੈ ਕਿ ਇਸ ਵਾਰ ਸ਼ਾਹੀ ਪਰਿਵਾਰ ਸਣੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਅਮਰਿੰਦਰ ਸਿੰਘ ਦੀ ਉਮੀਦਵਾਰੀ ਨਾਲੋਂ ਵੱਧ ਪ੍ਰਚਾਰ ਉਨ੍ਹਾਂ ਦੇ ਚੋਣ ਨਿਸ਼ਾਨ ‘ਹਾਕੀ ਤੇ ਗੇਂਦ’ ਦਾ ਕੀਤਾ ਰਿਹਾ ਹੈ। ਪ੍ਰਨੀਤ ਕੌਰ ਕਾਂਗਰਸ ਦੇ ਸੰਸਦ ਮੈਂਬਰ ਹੋਣ ਨਾਤੇ ਸਿੱਧੇ ਤੌਰ ’ਤੇ ਆਪਣੇ ਪਤੀ ਦੀ ਹਮਾਇਤ ਨਹੀਂ ਕਰ ਸਕਦੇ, ਪਰ ਉਨ੍ਹਾਂ ਦੀ ਧੀ ਜੈਇੰੰਦਰ ਕੌਰ ਤੇ ਹੋਰ ਸਮਰਥਕ ਕੈਪਟਨ ਦੇ ਚੋਣ ਨਿਸ਼ਾਨ ਦੇ ਪੋਸਟਰ, ਬੈਨਰ ਤੇ ਫੋਟੋਆਂ ਨਾਲ ਲੋਕਾਂ ਵਿੱਚ ਪਹੁੰਚ ਰਹੇ ਹਨ। ਪਾਰਟੀ ਵੱਲੋਂ ਕਈ ਥਾਈਂ ਬੱਚਿਆਂ ਨੂੰ ਹਾਕੀਆਂ ਤੇ ਗੇਂਦਾਂ ਵੀ ਵੰਡੀਆਂ ਗਈਆਂ ਹਨ। ਉਧਰ ਕਾਂਗਰਸ ਨੇ ਇਸ ਵਾਰ ਕੈਪਟਨ ਦੇ ਹੀ ਕੱਟੜ ਸਮਰਥਕ ਰਹੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੂੰ ਟਿਕਟ ਦਿੱਤੀ ਹੈ। ਜਿਨ੍ਹਾਂ ਨੂੰ ਇਸ ਵਾਰ ਚੋਣ ਨਿਸ਼ਾਨ ਆਸਰੇ ਕਈ ਵੋਟਾਂ ਕੈਪਟਨ ਵਾਲੀਆਂ ਵੀ ਮਿਲਣ ਦੀ ਆਸ ਹੈ। ਕੋਹਲੀ ਪਰਿਵਾਰ ਦਾ ਫਰਜ਼ੰਦ ਅਜੀਤਪਾਲ ਕੋਹਲੀ ਵੀ ਇਸ ਵਾਰ ‘ਆਪ’ ਵੱਲੋਂ ਚੋਣ ਲੜ ਰਿਹਾ ਹੈ। ਕੋਹਲੀ ਪਰਿਵਾਰ ਨੂੰ ਵੀ ਤੱਕੜੀ ਨਾਲ ਹੀ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ ਤੇ ਅਜੀਤਪਾਲ ਕੋਹਲੀ ਨੂੰ ਵੀ ਚੋਣ ਨਿਸ਼ਾਨ ਕਾਰਨ ਇਸ ਵਾਰ ਆਪਣੀਆਂ ਵੋਟਾਂ ਖੁੱਸਣ ਦਾ ਖਦਸ਼ਾ ਹੈ। ਇਨ੍ਹਾਂ ਸਾਰਿਆਂ ਵਿਚੋਂ ਹਰਪਾਲ ਜੁਨੇਜਾ ਹੀ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਦਾ ਐਲਾਨ ਪਹਿਲਾਂ ਹੋਇਆ ਤੇ ਉਹ ਸਭ ਤੋਂ ਪਹਿਲਾਂ ਪ੍ਰ੍ਰਚਾਰ ਸ਼ੁਰੂ ਕਰਨ ’ਚ ਸਫ਼ਲ ਰਹੇ ਹਨ।
ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨ ਨਾ ਬਹੁੜੇ ਕਪਤਾਨ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਵਿਧਾਨ ਸਭਾ ਚੋਣਾਂ ’ਚ ਭਾਜਪਾ ਨਾਲ ਗੱਠਜੋੜ ਕਰਕੇ ਚੋਣ ਲੜ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰ ਭਖੇ ਹੋਏ ਚੋਣ ਮੈਦਾਨ ਵਿੱਚ ਆਪਣੇ ਕਪਤਾਨ ਦੀ ਉਡੀਕ ਕਰ ਰਹੇ ਹਨ। ਲੁਧਿਆਣਾ ਵਿੱਚ ਚਾਰ ਸੀਟਾਂ ’ਤੇ ਕੈਪਟਨ ਅਮਰਿੰਦਰ ਦੀ ਪਾਰਟੀ ਦੇ ਉਮੀਦਵਾਰ ਖੜ੍ਹੇ ਹਨ, ਪਰ ਇਨ੍ਹਾਂ ਉਮੀਦਵਾਰਾਂ ਲਈ ਕੈਪਟਨ ਨੇ ਇੱਕ ਵਾਰ ਵੀ ਚੋਣ ਪ੍ਰਚਾਰ ਲਈ ਫੇਰੀ ਨਹੀਂ ਪਾਈ, ਜਿਸ ਕਾਰਨ ਇਹ ਉਮੀਦਵਾਰ ਹੁਣ ਚੋਣ ਪ੍ਰਚਾਰ ਲਈ ਪੂਰੀ ਤਰ੍ਹਾਂ ਭਾਜਪਾ ਆਗੂਆਂ ’ਤੇ ਨਿਰਭਰ ਹੋ ਗਏ ਹਨ। ਗੌਰਤਲਬ ਹੈ ਕਿ ਲੁਧਿਆਣਾ ਦੀਆਂ ਤਿੰਨ ਸੀਟਾਂ ’ਤੇ ਤਾਂ ਕੈਪਟਨ ਦੀ ਪਾਰਟੀ ਦੇ ਉਮੀਦਵਾਰ ਚੋਣ ਨਿਸ਼ਾਨ ਹਾਕੀ ਤੇ ਗੇਂਦ ਦੀ ਥਾਂ ਕਮਲ ਵਰਤ ਰਹੇ ਹਨ ਤੇ ਇਨ੍ਹਾਂ ਤਿੰਨਾਂ ਨੂੰ ਭਾਜਪਾ ਆਗੂਆਂ ਦਾ ਸਮਰਥਨ ਵੀ ਮਿਲ ਰਿਹਾ ਹੈ, ਪਰ ਹਲਕਾ ਦਾਖਾ ਵਿੱਚ ਹਾਕੀ ਤੇ ਗੇਂਦ ਲੈ ਕੇ ਚੋਣ ਮੈਦਾਨ ਵਿੱਚ ਉਤਰੇ ਦਮਨਜੀਤ ਸਿੰਘ ਮੋਹੀ ਕੈਪਟਨ ਅਮਰਿੰਦਰ ਦੀ ਉਡੀਕ ਵਿੱਚ ਇਕੱਲੇ ਹੀ ਚੋਣ ਪ੍ਰਚਾਰ ਕਰਨ ਨੂੰ ਮਜਬੂਰ ਹਨ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਤੋਂ ਕੁਲ 37 ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਉਮੀਦਵਾਰਾਂ ਦਾ ਚੋਣ ਪ੍ਰਚਾਰ ਕਰਨ ਲਈ ਉਨ੍ਹਾਂ ਕੋਈ ਉੱਦਮ ਨਹੀਂ ਕੀਤਾ ਹੈ। ਲੁਧਿਆਣਾ ਵਿੱਚ ਕੈਪਟਨ ਵੱਲੋਂ ਹਾਲੇ ਤੱਕ ਕਿਸੇ ਵੀ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਕੈਪਟਨ ਦੇ ਖ਼ਿਡਾਰੀ ਵੀ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ। ਕੈਪਟਨ ਦੀ ਪਾਰਟੀ ਦੇ ਇਕ ਦੇ ਇੱਕ ਉਮੀਦਵਾਰ ਨੇ ਦੱਸਿਆ ਕਿ ਨਾਮਜ਼ਦਗੀ ਤੋਂ ਲੈ ਕੇ ਹੁਣ ਤੱਕ ਚੋਣ ਪ੍ਰਚਾਰ ਤਾਂ ਦੂਰ ਦੀ ਗੱਲ ਹੈ, ਕੈਪਟਨ ਦਾ ਫੋਨ ਤੱਕ ਨਹੀਂ ਆਇਆ। ਉਨ੍ਹਾਂ ਕਿਹਾ ਕਿ ਚੋਣ ਨਿਸ਼ਾਨ ਭਾਜਪਾ ਦਾ ਹੋਣ ਕਰਕੇ ਕੁਝ ਸਾਥ ਮਿਲ ਰਿਹਾ ਹੈ, ਨਹੀਂ ਤਾਂ ਬੁਰਾ ਹਾਲ ਹੋ ਜਾਂਦਾ। ਉਨ੍ਹਾਂ ਕਿਹਾ ਕਿ ਉਮੀਦਵਾਰ ਇਸ ਇੰਤਜ਼ਾਰ ਵਿੱਚ ਹਨ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਲਈ ਸਮਾਂ ਕੱਢਣਗੇ।