ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਸਤੰਬਰ
ਮੁੱਖ ਅੰਸ਼
- ਕਰੋੜਾਂ ਰੁਪਏ ਦਾ ਲੈਣ-ਦੇਣ ਹੋਣ ਦਾ ਅਨੁਮਾਨ
ਪੰਜਾਬ ਪੁਲੀਸ ’ਚ ਪਿਛਲੇ ਦਿਨੀਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਕੱਢੀਆਂ ਪੰਜ ਸੌ ਤੋਂ ਵੱਧ ਅਸਾਮੀਆਂ ਲਈ ਪੰਜਾਬ ਭਰ ’ਚ ਹੋਈ ਲਿਖਤੀ ਪ੍ਰੀਖਿਆ ’ਚ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਇਹ ਲਿਖਤੀ ਪ੍ਰੀਖਿਆ ਲੈਣ ਸਬੰਧੀ ਸਰਕਾਰ ਵੱਲੋਂ ਪ੍ਰਾਈਵੇਟ ਫਰਮ ਨੂੰ ਠੇਕਾ ਦਿੱਤਾ ਗਿਆ ਸੀ ਪਰ ਇਸ ਫਰਮ ਦੇ ਹੀ ਕੁਝ ਮੌਜੂਦਾ ਅਤੇ ਕੁਝ ਪੁਰਾਣੇ ਮੁਲਾਜ਼ਮਾਂ ਨੇ ਆਧੁਨਿਕ ਤਕਨੀਕ ਦੇ ਸਹਾਰੇ ਕਿਸੇ ਵਿਸ਼ੇਸ਼ ਸਾਫਟਵੇਅਰ ਜ਼ਰੀਏ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਬੈਠ ਕੇ ਹੀ ਅੰਦਰ ਇਮਤਿਹਾਨ ਦੇ ਰਹੇ ਉਮੀਦਵਾਰਾਂ ਦੇ ਕੰਪਿਊਟਰਾਂ ਤੱਕ ਪਹੁੰਚ ਬਣਾ ਕੇ ਉਨ੍ਹਾਂ ਦੀ ਪ੍ਰੀਖਿਆ ਵਿਚਲੇ ਸਵਾਲ ਹੱਲ ਕਰ ਦਿੱਤੇ। ਇਹ ਨਿਕੇਵਲਾ ਅਤੇ ਪਲੇਠਾ ਮਾਮਲਾ ਹੈ ਜਿਸ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਣ ਦਾ ਅਨੁਮਾਨ ਹੈ। ਅਜਿਹਾ ਗੋਰਖ ਧੰਦਾ ਕਰਨ ਵਾਲ਼ੇ ਇਸ ਗਰੋਹ ਵੱਲੋਂ ਪ੍ਰਤੀ ਉਮੀਦਵਾਰ 30 ਲੱਖ ਰੁਪਏ ’ਚ ਸੌਦਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਪੁਲੀਸ ਇਸ ਮਾਮਲੇ ਦੀ ਬਾਹਰ ਭਿਣਕ ਨਹੀਂ ਪੈਣ ਦੇ ਰਹੀ, ਪਰ ਆਲ੍ਹਾ-ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਪਟਿਆਲਾ ਪੁਲੀਸ ਵੱਲੋਂ ਬਾਕਾਇਦਾ ਕੇਸ ਦਰਜ ਕਰਕੇ ਦਰਜਨ ਭਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ 560 ਪੋਸਟਾਂ ਚਾਰ ਕੇਡਰਾਂ ’ਤੇ ਆਧਾਰਿਤ ਹਨ ਜਿਨ੍ਹਾਂ ’ਚ ਜ਼ਿਲ੍ਹਾ ਕੇਡਰ, ਆਰਮਡ ਪੁਲੀਸ ਕੇਡਰ, ਇੰਟੈਲੀਜੈਂਸ ਅਤੇ ਜਾਂਚ ਕੇਡਰ ਸ਼ਾਮਲ ਹਨ। ਇਸ ਸਬੰਧੀ ਅਪਲਾਈ ਕਰਨ ਵਾਲ਼ੇ ਲੱਖਾਂ ਉਮੀਦਵਾਰਾਂ ਲਈ ਸ਼ਰਤ ਸੀ ਕਿ ਉਨ੍ਹਾਂ ਨੂੰ ਪਹਿਲਾਂ ਲਿਖਤੀ ਪ੍ਰੀਖਿਆ ਪਾਸ ਕਰਨੀ ਪਵੇਗੀ। ਇਸ ਵਿੱਚੋਂ ਮੈਰਿਟ ’ਚ ਆਉਣ ਵਾਲ਼ਿਆਂ ਨੂੰ ਹੀ ਫਿਜੀਕਲ ਟੈਸਟ ਲਈ ਸੱਦਿਆ ਜਾਵੇਗਾ। 800 ਅੰਕਾਂ ਦੀ ਇਹ ਪ੍ਰੀਖਿਆ ਦੋ ਗੇੜਾਂ ’ਚ ਲਈ ਗਈ ਹੈ। ਸਰਕਾਰ ਨਾਲ਼ ਹੋਏ ਸਮਝੌਤੇ ਤਹਿਤ ਸਬੰਧਿਤ ਫਰਮ ਵੱਲੋਂ ਹੀ ਬਣਾਏ ਗਏ ਪ੍ਰੀਖਿਆ ਕੇਂਦਰਾਂ ’ਚ ਕੰਪਿਊਟਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਇਸ ਫਰਮ ਨਾਲ਼ ਸਬੰਧਿਤ ਮੌਜੂਦਾ ਅਤੇ ਪੁਰਾਣੇ ਮੁਲਾਜ਼ਮਾਂ ਨੇ ਸੂਚਨਾ ਤਕਨਾਲੋਜੀ ਤਹਿਤ ਪਹਿਲਾਂ ਤੋਂ ਹੀ ਉਲੀਕੀ ਗਈ ਵਿਉਂਤਬੰਦੀ ਦੇ ਤਹਿਤ ਕਿਸੇ ਸਾਫਟਵੇਅਰ ਦੇ ਜ਼ਰੀਏ ਆਪਣੇ ਗਾਹਕ ਬਣਾਏ ਗਏ ਉਮੀਦਵਾਰਾਂ ਦੇ ਕੰਪਿਊਟਰਾਂ ਨਾਲ਼ ਅਟੈਚ ਹੋ ਕੇ ਪ੍ਰੀਖਿਆ ਵਿਚਲੇ ਸਾਰੇ ਸਵਾਲ ਹੱਲ ਕਰ ਦਿੱਤੇ ਗਏ। ਉਂਜ ਪੁਲੀਸ ਨੂੰ ਇਸ ਦਾ ਪਤਾ, ਪ੍ਰੀਖਿਆ ਹੋਣ ਤੋਂ ਬਾਅਦ ਲੱਗਿਆ। ਭਾਵੇਂ ਇਸ ਸਬੰਧੀ ਕੋਈ ਵੀ ਪੁਲੀਸ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ, ਪਰ ਆਲ੍ਹਾ-ਮਿਆਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘੁਟਾਲੇ ਬਾਰੇ ਪਤਾ ਲੱਗਣ ’ਤੇ ਪਟਿਆਲਾ ਦੇ ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਦੇ ਆਦੇਸ਼ਾਂ ਤਹਿਤ ਪਟਿਆਲਾ ਦੇ ਥਾਣਾ ਅਨਾਜ ਮੰਡੀ ਵਿੱਚ ਧਾਰਾ 420, 465, 467, 468, 471, 120 ਤੇ 66 ਬੀ ਹੇਠ ਆਈਟੀ ਸੋਧ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ। ਪਹਿਲਾਂ ਇਸ ਕੇਸ ਵਿੱਚ ਤਿੰਨ ਜਣਿਆਂ ਦਾ ਹੀ ਨਾਮ ਸ਼ਾਮਲ ਕੀਤਾ ਗਿਆ ਸੀ ਪਰ ਇਨ੍ਹਾਂ ਦੀ ਗ੍ਰਿਫਤਾਰੀ ਮਗਰੋਂ ਇਸ ਵਿੱਚ ਕਈ ਹੋਰਾਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ।
ਪੁਲੀਸ ਵੱਲੋਂ ਅੱਜ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਗੁਰਪ੍ਰੀਤ ਸਿੰਘ ਸ਼ੈਲੀ ਵਾਸੀ ਰਟੌਲਾਂ, ਹਰਦੀਪ ਸਿੰਘ ਲਾਡੀ ਵਾਸੀ ਫਤਿਹਪੁਰੀ, ਪਰਦੀਪ ਕੁਮਾਰ ਸੋਨੂੰ ਵਾਸੀ ਪਟਿਆਲਾ, ਜਸਵੀਰ ਸਿੰਘ ਵਾਸੀ ਗਿਆਨ ਕਲੋਨੀ ਪਟਿਆਲਾ, ਬਲਜਿੰਦਰ ਸਿੰਘ ਪਾਬਲਾ ਵਾਸੀ ਜ਼ਿਲ੍ਹਾ ਮੁਹਾਲੀ, ਸੁਖਵਿੰਦਰ ਸਿੰਘ ਵਾਸੀ ਮਨਿਆਣਾ, ਅੰਕਿਤ ਕੁਮਾਰ ਵਾਸੀ ਯੂ.ਪੀ ਅਤੇ ਲਵਨੀਸ਼ ਗੁਪਤਾ ਵਾਸੀ ਜ਼ਿਲ੍ਹਾ ਸੰਗਰੂਰ ਸਮੇਤ ਕੁਝ ਹੋਰਨਾਂ ਦੇ ਨਾਮ ਸ਼ਾਮਲ ਹਨ। ਪੁਲੀਸ ਨੂੰ ਜ਼ਿਲ੍ਹਾ ਸੰਗਰੂਰ ਵਾਸੀ ਅਵਤਾਰ ਸਿੰਘ ਪੁੱਤਰ ਰਾਮਤੇਜ ਸਿੰਘ ਅਤੇ ਪੰਚਕੂਲਾ ਵਾਸੀ ਕਿਸ਼ਨ ਦੀ ਅਜੇ ਤਲਾਸ਼ ਹੈ। ਉਂਜ ਮੁਲਜ਼ਮਾਂ ਦੀ ਸੂਚੀ ਹੋਰ ਲੰਬੀ ਹੋ ਸਕਦੀ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਸੌਦਾ ਪ੍ਰਤੀ ਉਮੀਦਵਾਰ ਤੀਹ ਲੱਖ ’ਚ ਹੋਣ ਦਾ ਪਤਾ ਲੱਗਿਆ ਹੈ। ਇਸੇ ਮਾਮਲੇ ’ਚ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੀ ਪੁਲੀਸ ਵੱਲੋਂ ਵੀ ਅਜਿਹੀ ਗੜਬੜੀ ਸਬੰਧੀ ਕੇਸ ਦਰਜ ਕੀਤਾ ਗਿਆ ਹੈ।
ਏਡੀਜੀਪੀ ਦੀ ਅਗਵਾਈ ਹੇਠ ਚੱਲ ਰਹੀ ਹੈ ਜਾਂਚ
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਟੀਮ ਦੀ ਅਗਵਾਈ ਏਡੀਜੀਪੀ ਪੱਧਰ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਜਾ ਰਹੀ ਹੈ। ਇਹ ਅਧਿਕਾਰੀ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੀ ਸੰਪਰਕ ’ਚ ਹੈ।