ਜਗਮੋਹਨ ਸਿੰਘ
ਰੂਪਨਗਰ, 13 ਜਨਵਰੀ
ਵਿਧਾਨ ਸਭਾ ਹਲਕਾ ਰੂਪਨਗਰ ਦੇ ਰਿਟਰਨਿੰਗ ਅਫਸਰ ਗੁਰਵਿੰਦਰ ਸਿੰਘ ਜੌਹਲ ਵੱਲੋਂ ‘ਆਪ’ ਉਮੀਦਵਾਰ ਦਿਨੇਸ਼ ਚੱਢਾ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਕੇ 24 ਘੰਟਿਆਂ ਵਿੱਚ ਸਪੱਸ਼ਟੀਕਰਨ ਦੇਣ ਦੇ ਆਦੇਸ਼ ਦਿੱਤੇ ਹਨ। ਰਿਟਰਨਿੰਗ ਅਫਸਰ ਨੇ ਦੱਸਿਆ ਕਿ ਦਿਨੇਸ਼ ਚੱਢਾ ਦੀ ਫੇਸਬੁੱਕ ਆਈਡੀ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਵਲੋਂ ਚੋਣ ਕਮਿਸ਼ਨ ਵਲੋਂ ਜਾਰੀ ਕੋਵਿਡ ਰਿਵਾਇਜ਼ਡ ਗਾਈਡਲਾਈਨਜ਼ ਦੀ ਉਲੰਘਣਾ ਕੀਤੀ ਗਈ ਹੈ ਅਤੇ ਪਿੰਡ ਲਾਲਪੁਰਾ (ਨੂਰਪੁਰ ਬੇਦੀ) ਵਿੱਚ ਲੋਕਾਂ ਦਾ ਇਕੱਠ ਕੀਤਾ ਗਿਆ। ਇਸ ਤੋਂ ਇਲਾਵਾ ਸ਼੍ਰੀ ਬਾਬਾ ਬਾਲਕ ਨਾਥ ਮੰਦਰ, ਘਨੌਲੀ ਵਿੱਚ ਵੀ ਚੋਣ ਕਮਿਸ਼ਨਰ ਵੱਲੋਂ ਨਿਰਧਾਰਤ ਗਿਣਤੀ ਤੋਂ ਜ਼ਿਆਦਾ ਲੋਕਾਂ ਦਾ ਇਕੱਠ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਜਿਹੇ ਇਕੱਠ ਕਰਨਾ ਚੋਣ ਜ਼ਾਬਤੇ ਦੀ ਉਲੰਘਣਾ ਹੈ ਤੇ 15 ਜਨਵਰੀ ਤੱਕ ਅਜਿਹੇ ਇਕੱਠ ਕਰਨ ਦੀ ਮਨਾਹੀ ਹੈ।