ਸੰਜੀਵ ਹਾਂਡਾ
ਫ਼ਿਰੋਜ਼ਪੁਰ, 17 ਅਗਸਤ
ਸਥਾਨਕ ਕੇਂਦਰੀ ਜੇਲ੍ਹ ’ਚ ਬੰਦ ਇੱਕ ਹਵਾਲਾਤੀ ਦੀ ਪਿੱਠ ’ਤੇ ‘ਗੈਂਗਸਟਰ’ ਲਿਖੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸ਼ਬਦ ਕਿਸੇ ਗਰਮ ਵਸਤੂ ਨਾਲ ਲਿਖਿਆ ਗਿਆ ਜਾਪਦਾ ਹੈ। ਉਕਤ ਹਵਾਲਾਤੀ ਦੀ ਪਛਾਣ ਤਰਸੇਮ ਸਿੰਘ ਉਰਫ਼ ਜੋਧਾ ਵਾਸੀ ਪਿੰਡ ਮਿਰਜ਼ਾਪੁਰ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ, ਜਿਸ ਨੂੰ ਅੱਜ ਕਪੂਰਥਲਾ ਦੀ ਇੱਕ ਅਦਾਲਤ ਵਿੱਚ ਪੇਸ਼ੀ ਲਈ ਭੇਜਿਆ ਗਿਆ ਸੀ। ਅਦਾਲਤ ਵੱਲੋਂ ਹਵਾਲਾਤੀ ਦਾ ਮੈਡੀਕਲ ਕਰਵਾਉਣ ਦੇ ਹੁਕਮ ਮਗਰੋਂ ਸਰਕਾਰੀ ਹਸਪਤਾਲ ਵਿੱਚ ਉਸ ਦੀ ਪਿੱਠ ’ਤੇ ‘ਗੈਂਗਸਟਰ’ ਸ਼ਬਦ ਲਿਖੇ ਹੋਣ ਦਾ ਪਤਾ ਲੱਗਿਆ। ਮੈਡੀਕਲ ਸਟਾਫ਼ ਵੱਲੋਂ ਪੁੱਛੇ ਜਾਣ ’ਤੇ ਹਵਾਲਾਤੀ ਨੇ ਦੱਸਿਆ ਕਿ ਇਹ ਸ਼ਬਦ ਫ਼ਿਰੋਜ਼ਪੁਰ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਗਰਮ ਸਰੀਏ ਨਾਲ ਉਸ ਦੀ ਪਿੱਠ ’ਤੇ ਲਿਖਿਆ ਗਿਆ ਹੈ। ਹਾਲਾਂਕਿ ਸਥਾਨਕ ਜੇਲ੍ਹ ਦੇ ਡੀਆਈਜੀ ਤਜਿੰਦਰ ਸਿੰਘ ਮੌੜ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਬੀਤੀ 10 ਅਗਸਤ ਨੂੰ ਇਸ ਦਾ ਕੁਝ ਬੰਦੀਆਂ ਨਾਲ ਝਗੜਾ ਹੋਇਆ ਸੀ, ਜਿਸ ਮਗਰੋਂ ਦੋਵੇਂ ਗੁੱਟਾਂ ਨੂੰ ਵੱਖ-ਵੱਖ ਬੈਰਕਾਂ ਵਿਚ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਵਾਲਾਤੀ ਨੇ ਆਪਣੇ ਕਿਸੇ ਸਾਥੀ ਕੋਲੋਂ ਇਹ ਸ਼ਬਦ ਲਿਖਵਾਏ ਹਨ ਤਾਂ ਜੋ ਜੇਲ੍ਹ ਅਧਿਕਾਰੀਆਂ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਇਸ ਹਵਾਲਾਤੀ ਨੇ ਮੁੜ ਜੇਲ੍ਹ ਅਧਿਕਾਰੀਆਂ ਨੂੰ ਫ਼ਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਕਾਰਵਾਈ ਕਰਨ ਲਈ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾ ਰਹੀ ਹੈ।