ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜਨਵਰੀ
ਇੱਕ ਸ਼ਤਾਬਦੀ ਤੋਂ ਵੱਡਾ ਜੀਵਨ ਲੋਕਾਂ ਦੇ ਲੇਖੇ ਲਾ ਕੇ ਪਹਿਲੀ ਫਰਵਰੀ, 2020 ਨੂੰ ਦੁਨੀਆ ਤੋਂ ਰੁਖ਼ਸਤ ਹੋਏ ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ ਦੀ ਯਾਦ ਵਿੱਚ ਪਹਿਲੀ ਫਰਵਰੀ ਨੂੰ ਅਦਾਰਾ 23 ਮਾਰਚ ਵੱਲੋਂ ਟੀਚਰਜ਼ ਹੋਮ, ਬਠਿੰਡਾ ਵਿੱਚ ਦੁਪਹਿਰ 1.30 ਵਜੇ ‘ਕੰਵਲ ਸ਼ਬਦ ਸੰਗਤ’ ਰੱਖੀ ਗਈ ਹੈ। ਕੰਵਲ-ਸਨੇਹੀ ਉਨ੍ਹਾਂ ਦੀਆਂ ਲਿਖਤਾਂ, ਯਾਦਾਂ ਅਤੇ ਜੀਵਨ ’ਤੇ ਚਰਚਾ ਕਰਨਗੇ। ਵਿਦਵਾਨ ਜੇ.ਸੀ. ਪਰਿੰਦਾ, ਕੰਵਲ ਦੀ ਪਹਿਲੀ ਕਿਤਾਬ ‘ਜੀਵਨ ਕਣੀਆਂ’ ਬਾਰੇ ਵਿਚਾਰ ਪੇਸ਼ ਕਰਨਗੇ। ਪੰਜਾਬੀ ਕਹਾਣੀਕਾਰ ਬਲਵਿੰਦਰ ਗਰੇਵਾਲ, ਨਾਵਲਕਾਰ ਜਸਪਾਲ ਮਾਣਖੇੜਾ ਅਤੇ ਹੋਰ ਲੇਖਕ ਵੀ ਉਨ੍ਹਾਂ ਬਾਰੇ ਗੱਲ ਤੋਰਨਗੇ। ‘ਅਦਾਰਾ 23 ਮਾਰਚ’ ਵੱਲੋਂ ਕਰਵਾਈ ਜਾ ਰਹੀ ਇਸ ‘ਪੂਰਨਮਾਸ਼ੀ ਬੈਠਕ’ ਦੇ ਸੂਤਰਧਾਰ ਇਤਿਹਾਸਕਾਰ ਸੁਮੇਲ ਸਿੰਘ ਸਿੱਧੂ ਹੋਣਗੇ। ਡਾ. ਬਲਦੇਵ ਸਿੰਘ ਸ਼ੇਰਗਿੱਲ ਨੇ ਸਭਨਾਂ ਨੂੰ ਸ਼ਿਰਕਤ ਕਰਨ ਦੀ ਅਪੀਲ ਕੀਤੀ।