ਇਕਬਾਲ ਸਿੰਘ ਸ਼ਾਂਤ
ਲੰਬੀ, 3 ਦਸੰਬਰ
ਕੇਂਦਰ ਸਰਕਾਰ ਦੇ ਮਾਰੂ ਫ਼ੈਸਲੇ ਖ਼ਿਲਾਫ਼ ਵਜੂਦ ਦੀ ਜੰਗ ’ਚ ਦਿੱਲੀ ਸੰਘਰਸ਼ ਲਈ ਪੰਜਾਬ ਦੇ ਪਿੰਡਾਂ ’ਚ ਘਰੇਲੂ ਰਸਦਖਾਨਿਆਂ ਅਤੇ ਬੀਬੀਆਂ ਦੀਆਂ ਗੋਝੀਆਂ ਦੇ ਮੂੰਹ ਖੁੱਲ੍ਹੇ ਹੋਏ ਹਨ। ਕਿਸਾਨ ਖੁੱਲ੍ਹੇ ਦਿਲ ਨਾਲ ਜਿੱਤ ਦੇ ਅੰਜਾਮ ਲਈ ਰਾਸ਼ਨ ਅਤੇ ਫੰਡ ਮੁਹਿੰਮ ਨੂੰ ਹੁਲਾਰਾ ਦੇ ਰਹੇ ਹਨ। ਇਸ ਮੁਹਿੰਮ ’ਚ ਕਿਸਾਨ ਸੁਆਣੀਆਂ ਵੀ ਪਿਛਾਂਹ ਨਹੀਂ ਹਨ। ਉਹ ਆਪਣੀ ਗੋਝੀ ਦੇ ਜੋੜੇ ਰੁਪਈਆਂ ਵਿੱਚੋਂ ਫੰਡ ਦੇ ਕੇ ਸੰਘਰਸ਼ ਨੂੰ ਦਿੱਲੀਓਂ ਜਿੱਤ ਕੇ ਹੀ ਮੁੜਨ ਦਾ ਹੋਕਾ ਦੇ ਰਹੀਆਂ ਹਨ।
ਭਾਕਿਯੂ ਏਕਤਾ ਉਗਰਾਹਾਂ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਵਿੱਢੀ ਰਾਸ਼ਨ ਅਤੇ ਫੰਡ ਮੁਹਿੰਮ ਦੌਰਾਨ ਕੁਝ ਔਰਤਾਂ ਨੇ ਪਰਿਵਾਰਾਂ ਵੱਲੋਂ ਦਿੱਤੇ ਫੰਡ ਦੇ ਨਾਲ-ਨਾਲ ਆਪਣੇ ਕੋਲੋਂ ਵੱਖਰਾ ਫੰਡ ਵੀ ਦਿੱਤਾ। ਸੱਤਰ ਸਾਲਾ ਔਰਤ ਅੰਗਰੇਜ਼ ਕੌਰ ਨੇ ਬੰਦ ਜਿਹੀ ਮੁੱਠੀ ਵਿੱਚੋਂ ਰਾਸ਼ਨ ਅਤੇ ਫੰਡ ਕਮੇਟੀ ਨੂੰ 690 ਰੁਪਏ ਫੜਾ ਕੇ ਆਖਿਆ, ‘ਵੇਖਿਓ ਮੁੰਡਿਓ! ਕਿਧਰੇ ਦਿੱਲੀਓਂ ਖਾਲੀ ਹੱਥ ਨਾ ਮੁੜ ਆਇਓ। ਜੇ ਲੋੜ ਪਈ ਤਾਂ ਗਹਿਣੇ-ਗੱਟੇ ਵੀ ਵੇਚ ਦੇਵਾਂਗੀਆਂ ਪਰ ਸੰਘਰਸ਼ ਹਾਰ ਕੇ ਨਾ ਆਇਓ। ਇਹ ਕਿਸਾਨੀ ਦੀ ਜ਼ਿੰਦਗੀ ਅਤੇ ਪੰਜਾਬੀਅਤ ਦੀ ਅਣਖ ਦਾ ਮਸਲਾ ਵੀ ਹੈ।’ ਔਰਤਾਂ ਦਾ ਦੇਸ਼ ਪੱਧਰੀ ਕਿਸਾਨ ਸੰਘਰਸ਼ ਦਾ ਜਜ਼ਬਾ ਲਾਮਿਸਾਲ ਹੈ। ਔਰਤਾਂ ’ਚ ਕੰਗਨਾ ਰਣੌਤ ਦੇ ਮਾਤਾ ਮਹਿੰਦਰ ਕੌਰ ਬਾਰੇ ਬੋਲੇ ਸ਼ਬਦਾਂ ਪ੍ਰਤੀ ਭਾਰੀ ਗੁੱਸਾ ਹੈ। ਅਜੇ ਤਕ ਜਥੇਬੰਦਕ ਲੀਹ ਤੋਂ ਪਾਸੇ ਹੀ ਰਹੇ ਪਿੰਡ ਖੁੱਡੀਆਂ ਦੇ ਨੌਜਵਾਨਾਂ ’ਚ ਕਿਸਾਨੀ ਸੰਘਰਸ਼ ਮੌਕੇ ਦਿੱਲੀ ਜਾਣ ਪ੍ਰਤੀ ਵਿਸ਼ੇਸ਼ ਉਤਸ਼ਾਹ ਦੇਖਿਆ ਜਾ ਰਿਹਾ ਹੈ। ਟਰੈਕਟਰ-ਟਰਾਲੀ ਲੈ ਕੇ ਤੇ ਇਨਕਲਾਬੀ ਗੀਤ ਵਜਾਉਂਦੇ ਹੋਏ ਨੌਜਵਾਨ ਖੁੱਡੀਆਂ ਗੁਲਾਬ ਸਿੰਘ ਅਤੇ ਖੁੱਡੀਆਂ ਮਹਾ ਸਿੰਘ ਦੀਆਂ ਗਲੀਆਂ ਵਿੱਚ ਹਰ ਬੂਹੇ ਅੱਗੇ ਦਸਤਕ ਦੇ ਰਹੇ ਸਨ। ਨੌਜਵਾਨ ਭਾਰਤ ਸਭਾ ਦੇ ਆਗੂ ਜਗਦੀਪ ਖੁੱਡੀਆਂ ਅਤੇ ਕਿਸਾਨ ਆਗੂ ਗੁਰਤੇਜ ਸਿੰਘ ਨੇ ਕਿਹਾ ਕਿ ਰਾਸ਼ਨ ਇਕੱਤਰ ਕਰਨ ਮੌਕੇ ਲੋਕਾਂ ਨੇ ਦਿਲ ਖੋਲ੍ਹ ਕੇ ਰਾਸ਼ਨ ਅਤੇ ਫੰਡ ਦਿੱਤਾ। ਕਿਸਾਨ ਔਰਤਾਂ ਦੇ ਹੌਸਲੇ ਨਾਲ ਸੰਘਰਸ਼ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਇਹ ਰਾਸ਼ਨ ਅਤੇ ਫੰਡ 5 ਦਸੰਬਰ ਨੂੰ ਲੰਬੀ ਹਲਕੇ ਅਤੇ ਰਾਜਸਥਾਨ ਦੇ 15 ਪਿੰਡਾਂ ਵਿੱਚੋਂ ਜਾ ਰਹੇ ਭਰਵੇਂ ਕਾਫ਼ਲੇ ਨਾਲ ਦਿੱਲੀ ਭੇਜਿਆ ਜਾਣਾ ਹੈ।
ਜਸਵਿੰਦਰ ਖੁੱਡੀਆਂ ਨੇ ਕਿਹਾ ਕਿ ਪਿੰਡ ਦੀ ਨੌਜਵਾਨੀ ਦਾ ਜਨਤਕ ਜਥੇਬੰਦੀ ਨਾਲ ਜੁੜਾਅ ਸੰਘਰਸ਼ ਦੀ ਚਿਣਗ ਪ੍ਰਤੀ ਨਵੀਂ ਸਵੇਰ ਦਾ ਸੁਨੇਹਾ ਹੈ। ਦਵਿੰਦਰ ਗਿੱਲ, ਗਗਨਦੀਪ ਮਾਨ, ਜਗਮੋਹਣ ਸਿੰਘ ਅਤੇ ਕੁਲਵਿੰਦਰ ਚਹਿਲ ਨੇ ਕਿਹਾ ਕਿ ਕਿਸਾਨ ਇਸ ਸੰਘਰਸ਼ ਵਿੱਚੋਂ ਜ਼ਰੂਰ ਜੇਤੂ ਹੋਣਗੇ।