ਗੁਰਬਖਸ਼ਪੁਰੀ
ਤਰਨ ਤਾਰਨ, 16 ਸਤੰਬਰ
ਪਿੰਡ ਮੀਆਂਪੁਰ ਦੇ ਨੌਜਵਾਨਾਂ ਦੇ ਦੋ ਧੜਿਆਂ ਦਰਮਿਆਨ ਵਾਲੀਬਾਲ ਦਾ ਨੈੱਟ ਲਗਾਉਣ ਤੋਂ ਇਸ ਸਾਲ ਜਨਵਰੀ ਮਹੀਨੇ ਹੋਈ ਤਕਰਾਰ ਕਥਿਤ ਕੌਮਾਂਤਰੀ ਪੱਧਰ ’ਤੇ ਖਾਲਿਸਤਾਨੀ ਪੱਖੀਆਂ ਨਾਲ ਜੋੜ ਦਿੱਤੇ ਗਏ ਹਨ। ਇਸ ਸਬੰਧੀ ਪੰਜਾਬ ਪੁਲੀਸ ਬੀਤੇ ਦਿਨ ਪਿੰਡ ਦੇ ਦੋ ਨੌਜਵਾਨਾਂ ਹਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਪੁਲੀਸ ਦੀਆਂ ਨਜ਼ਰ ਅਜੇ ਕੁਝ ਹੋਰ ਨੌਜਵਾਨਾਂ ’ਤੇ ਵੀ ਟਿਕੀ ਹੋਈ ਹੈ|
ਪੁਲੀਸ ਇਨ੍ਹਾਂ ਕਾਬੂ ਕੀਤੇ ਨੌਜਵਾਨਾਂ ਦੇ ਸਬੰਧ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਐੱਲਐੱਫ) ਨਾਲ ਹੋਣ ਦਾ ਦੋਸ਼ ਲਾ ਰਹੀ ਹੈ| ਪੁਲੀਸ ਨੂੰ ਜਿਹੜੇ ਹੋਰ ਨੌਜਵਾਨਾਂ ’ਤੇ ਸ਼ੱਕ ਹੈ, ਉਨ੍ਹਾਂ ਵਿਚ ਪਿੰਡ ਦੇ ਇਕ ਉਸ ਨੌਜਵਾਨ ਦਾ ਨਾਂ ਵੀ ਸ਼ਾਮਲ ਹੈ, ਜੋ ਪਿੰਡ ਅੰਦਰ ਦਾਨ-ਪੁੰਨ, ਧਰਮ-ਅਰਥ ਆਦਿ ਦੇ ਕੰਮ ਕਰਨ ਵਿਚ ਮੋਹਰੀ ਰਿਹਾ ਹੈ। ਇਸ ਨੌਜਵਾਨ ਖ਼ਿਲਾਫ਼ ਦੋ ਕੁ ਹਫ਼ਤੇ ਪਹਿਲਾਂ ਐਮਾ ਖੁਰਦ ਦੇ ਵਿਅਕਤੀ ਦੀ ਹੱਤਿਆ ਕਰਨ ਸਬੰਧੀ 11 ਹੋਰਨਾਂ ਸਮੇਤ ਦਫ਼ਾ 302 ਅਧੀਨ ਕੇਸ ਦਰਜ ਕੀਤਾ ਗਿਆ ਹੈ| ਹਾਲਾਂਕਿ ਇਕ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਗ੍ਰਿਫ਼ਤਾਰੀ ਤੋਂ ਡਰਦਾ ਕਿਧਰੇ ਕੰਮਕਾਰ ਕਰਦਾ ਰਿਹਾ ਹੈ ਪਰ ਪੁਲੀਸ ਨੇ ਇਸ ਮਾਮਲੇ ਦੇ ਤਾਰ ਕਥਿਤ ਖਾਲਿਸਤਾਨ ਨਾਲ ਜੋੜ ਦਿੱਤੇ।
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਰਜੀਤ ਸਿੰਘ (24) ਦੇ ਹਲਵਾਈ ਦਾ ਕੰਮ ਕਰਦੇ ਪਿਤਾ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਫੌਜ ਵਿਚ ਭਰਤੀ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਸੀ। ਇਸ ਲਈ ਉਸ ਦਾ ਲੜਕਾ ਕਈ ਸਾਲਾਂ ਤੋਂ ਮੈਦਾਨ ’ਚ ਜਾ ਕੇ ਅਭਿਆਸ ਕਰਦਾ ਆ ਰਿਹਾ ਸੀ।