ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਜੂਨ
ਪੰਜਾਬ ਸਰਕਾਰ ਨੇ ਅੱਜ ਬੱਸ ਕਿਰਾਏ ’ਚ ਛੇ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕਰ ਦਿੱਤਾ ਹੈ। ਇਸ ਨਾਲ ਭਾਵੇਂ ਕਿ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਸਮੇਤ ਪ੍ਰਾਈਵੇਟ ਬੱਸ ਕੰਪਨੀਆਂ ਦਾ ਤਾਂ ਚੋਖਾ ਲਾਭ ਹੋਵੇਗਾ, ਪਰ ਆਮ ਲੋਕਾਂ ਦੀਆਂ ਜੇਬਾਂ ਵੀ ਢਿੱਲੀਆਂ ਹੋਣਗੀਆਂ। ਛੇ ਪੈਸੇ ਦੇ ਇਸ ਸੱਜਰੇ ਵਾਧੇ ਨਾਲ ਪਹਿਲੀ ਜੁਲਾਈ ਤੋਂ ਆਮ ਬੱਸਾਂ ਦਾ ਕਿਰਾਇਆ ਹੁਣ 122 ਪੈਸੇ ਪ੍ਰਤੀ ਕਿਲੋਮੀਟਰ ਹੋ ਜਾਵੇਗਾ, ਜੋ ਪਹਿਲਾਂ 116 ਪੈਸੇ ਸੀ। ਜਦਕਿ ਪੱਕੇ ਤੌਰ ’ਤੇ ਨਿਰਧਾਰਤ ਨਿਯਮਾਂ ਅਨੁਸਾਰ ਐਚਵੀਏਸੀ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 20 ਫ਼ੀਸਦੀ ਵੱਧ ਹੁੰਦਾ ਹੈ, ਜਿਸ ਤਹਿਤ ਇਹ ਕਿਰਾਇਆ ਹੁਣ 139 ਪੈਸੇ ਤੋਂ ਵਧ ਕੇ 146 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਇਸੇ ਤਰ੍ਹਾਂ ਇੰਟੈਗਰਲ ਕੋਚ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 80 ਫ਼ੀਸਦੀ ਵੱਧ, ਭਾਵ 208 ਪੈਸੇ ਤੋਂ ਵਧ ਕੇ 220 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਜਦਕਿ ਸੁਪਰ ਇੰਟੈਗਰਲ ਕੋਚ ਬੱਸ ਦਾ ਹੁਣ 232 ਪੈਸੇ ਤੋਂ ਵਧ ਕੇ 244 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਇਨ੍ਹਾਂ ਬੱਸਾਂ ਦਾ ਕਿਰਾਇਆ ਆਮ ਕਿਰਾਏ ਤੋਂ ਸੌ ਫ਼ੀਸਦੀ ਵੱਧ ਹੁੰਦਾ ਹੈ। ਇਸ ਤੋਂ ਪਹਿਲਾਂ ਪਹਿਲੀ ਜਨਵਰੀ ਨੂੰ ਦੋ ਪੈਸੇ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਸੀ।
‘ਆਪ’ ਤੇ ਅਕਾਲੀ ਦਲ ਵੱਲੋਂ ਨਿੰਦਾ
‘ਆਪ’ ਵਿਧਾਇਕ ਹਰਪਾਲ ਸਿੰਘ ਚੀਮਾ, ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਸਣੇ ‘ਆਪ’ ਤੇ ਅਕਾਲੀ ਦੇ ਦਲ ਆਗੂਆਂ ਨੇ ਬੱਸ ਕਿਰਾਏ ’ਚ ਵਾਧੇ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ’ਤੇ ਬੋਝ ਪਾਉਣ ਦੀ ਬਜਾਇ ਬਕਾਇਆਂ ਦੀ ਅਦਾਇਗੀ ਸਮੇਤ ਵਿਸ਼ੇਸ਼ ਪੈਕੇਜ ਦੇ ਕੇ ਪੀਆਰਟੀਸੀ ਨੂੰ ਪੈਰਾਂ ਸਿਰ ਕਰਨਾ ਚਾਹੀਦਾ ਹੈ।